ਮਜਾਰੀ/ਸਾਹਿਬਾ, 8 ਜੂਨ (ਨਿਰਮਲਜੀਤ ਸਿੰਘ ਚਾਹਲ)-ਜੂਨ 1984 'ਚ ਤਤਕਾਲੀ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਪੰਜਾਬ ਸਮੇਤ ਦੇਸ਼ ਭਰ ਦੇ ਹੋਰ ਕਈ ਗੁਰਦੁਆਰਾ ਸਾਹਿਬਾਨ 'ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਰਧਾਲੂਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ | ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ | ਇਸ ਘਟਨਾ ਨੇ ਸਿੱਖ ਕੌਮ ਦੇ ਮਨਾਂ 'ਤੇ ਡੂੰਘੇ ਜ਼ਖ਼ਮ ਛੱਡੇ ਤੇ ਕੌਮ ਨੂੰ ਵੱਡਾ ਜਾਨੀ ਅਤੇ ਮਾਲੀ ਅਤੇ ਮਾਨਸਿਕ ਨੁਕਸਾਨ ਝੱਲਣਾ ਪਿਆ | ਇਹ ਪ੍ਰਗਟਾਵਾ ਜਸਪਾਲ ਸਿੰਘ ਜਾਡਲੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਜਾਡਲੀ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਨੂੰ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਕੇਂਦਰ ਸਰਕਾਰ ਵਲੋਂ ਸੰਸਦ 'ਚ ਇਸ ਹਮਲੇ ਲਈ ਨਾ ਤਾਂ ਮੁਆਫ਼ੀ ਮੰਗੀ ਗਈ ਹੈ ਤੇ ਨਾ ਹੀ ਇਸ ਦੀ ਸਪੱਸ਼ਟ ਨਿੰਦਾ ਕੀਤੀ ਗਈ | ਜਾਡਲੀ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾ ਦਿੱਤੀਆ ਜਾਣ ਪਾਰਲੀਮੈਂਟ ਵਿਚ ਬਲਿਊ ਸਟਾਰ ਹਮਲੇ ਦੀ ਨਿਖੇਧੀ ਤੇ ਮੁਆਫੀ ਮੰਗੀ ਜਾਵੇ | ਅਖੀਰ 'ਚ ਜਾਡਲੀ ਨੇ ਇਸ ਘੱਲੂਘਾਰੇ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ |