ਬੰਗਾ, 11 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਪਿੰਡ ਕਲੇਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕਲੇਰਾਂ ਵਿਖੇ ਬੱਚਿਆਂ ਦਾ ਅੱਠ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ | ਕੈਂਪ ਦੇ ਸਮਾਪਤੀ ਸਮਾਗਮ ਵਿਚ ਜਥੇ: ਗੁਰਬਖਸ਼ ਸਿੰਘ ਖਾਲਸਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸਤਨਾਮ ਸਿੰਘ ਲਾਦੀਆਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੈਂਪ ਵਿਚ 35 ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਲਈ ਇਹੋ ਜਿਹੇ ਕੈਂਪ ਲਗਾ ਕੇ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਇਹ ਬੱਚੇ ਬੁਰੇ ਕੰਮਾਂ ਤੋਂ ਬਚੇ ਰਹਿਣਗੇ ਤੇ ਨਸ਼ਿਆਂ ਦੀ ਦਲ ਦਲ ਵਿਚ ਨਹੀਂ ਫਸਣਗੇ | ਇਸ ਮੌਕੇ ਜਥੇ: ਸਤਨਾਮ ਸਿੰਘ ਲਾਦੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਤਵੰਤੇ ਸੱਜਣਾਂ ਵਲੋ ਸਿੰਘ ਬੱਚਿਆਂ ਨੂੰ ਯਾਦ ਚਿੰਨ੍ਹ, ਤਗਮੇ ਤੇ ਸਰਟੀਫਿਕੇਟ ਭੇਟ ਕੀਤੇ ਗਏ | ਕੈਂਪ ਵਿਚ ਬੱਚਿਆਂ ਨੂੰ ਗੁਰਮਤਿ ਸਿਖਲਾਈ, ਗੁਰਬਾਣੀ ਸੰਥਿਆ ਤੇ ਗੁਰਬਾਣੀ ਦਾ ਸਹੀ ਉਚਾਰਨ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਬੱਚਿਆਂ ਨੇ ਮੂਲ ਮੰਤਰ, ਦਸ ਗੁਰੂ ਸਾਹਿਬਾਨ ਦੇ ਨਾਂਅ, ਪੰਜ ਪਿਆਰਿਆਂ ਦੇ ਨਾਂਅ, ਚਾਰ ਸਾਹਿਬਜ਼ਾਦਿਆਂ ਦੇ ਨਾਂਅ ਤੇ ਹੋਰ ਗੁਰਬਾਣੀ ਜੋ ਕਿ ਕੈਂਪ ਦੌਰਾਨ ਸਿੱਖੀ ਸੀ, ਉਹ ਸਟੇਜ ਤੋਂ ਜ਼ੁਬਾਨੀ ਸੁਣਾਈ | ਇਸ ਮੌਕੇ ਭਾਈ ਸਰਬਜੀਤ ਸਿੰਘ ਖਰਲ ਪ੍ਰਚਾਰਕ, ਸੁਖਵਿੰਦਰ ਸਿੰਘ ਗ੍ਰੰਥੀ, ਦਲਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਗੁਰ ਪਲਾਹ ਸੋਤਰਾਂ, ਨੰਬਰਦਾਰ ਅਜੈਬ ਸਿੰਘ ਬਿੰਦਰਾ ਕਲੇਰਾਂ, ਸੁਦਾਗਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦਿਆਲ ਸਿੰਘ ਸਾਬਕਾ ਪ੍ਰਧਾਨ, ਦਲਜੀਤ ਸਿੰਘ ਢਿੱਲੋਂ, ਰਣਵੀਰ ਸਿੰਘ ਸਾਬਕਾ ਪੰਚ, ਬਲਜਿੰਦਰ ਸਿੰਘ ਹੈਪੀ, ਸੁਖਦੇਵ ਸਿੰਘ, ਬੀਬੀ ਸੁਖਵਿੰਦਰ ਕੌਰ, ਕੁਲਵਿੰਦਰ ਸਿੰਘ ਕਿੰਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |