ਕਾਠਗੜ੍ਹ/ਰੱਤੇਵਾਲ, 14 ਜੂਨ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਲੀਲ)-ਸੀਨੀਅਰ ਆਗੂ ਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ, ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਬਾਗੋਵਾਲ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦਾ ਬਰੀਕੀ ਨਾਲ ਜਾਇਜ਼ਾ ਲਿਆ ਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਖ਼ਾਸ ਕਰਕੇ ਇਲਾਕੇ ਵਿਚ ਜਿੱਥੇ ਵੀ ਬੰਜਰ ਜ਼ਮੀਨ ਪਈ ਹੈ ਤੇ ਜਿਨ੍ਹਾਂ ਹਿੱਸਿਆਂ ਨੂੰ ਸਿੰਚਾਈ ਲਈ ਪਾਣੀ ਨਹੀਂ ਮਿਲ ਰਿਹਾ, ਉਸ ਸੰਬੰਧੀ ਉਨ੍ਹਾਂ ਨੇ ਜਲਦ ਯੋਗ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਬਾਗੋਵਾਲ ਦੇ ਪਿੰਡ ਵਾਸੀਆਂ ਨਾਲ ਡੂੰਘੀ ਗੱਲਬਾਤ ਕੀਤੀ। ਇਸੇ ਲੜੀ ਤਹਿਤ ਉਨ੍ਹਾਂ ਨੇ ਕਾਠਗੜ੍ਹ ਇਲਾਕੇ ਵਿਚ ਚੱਲ ਰਹੀ ਲਿਫਟ ਇਰੀਗੇਸ਼ਨ ਸਕੀਮ ਦੇ ਤਹਿਤ ਪਿੰਡ ਬਾਗੋਵਾਲ ਦੇ ਖੇਤਾਂ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐੱਸ. ਡੀ. �. ਦਵਿੰਦਰ ਸਿੰਘ, ਜੇ. ਈ. ਸੁਖਵਿੰਦਰ ਸਿੰਘ ਤੇ ਜੇ. ਈ. ਧਿਵਾਂਸੂਦੀਪ ਵੀ ਵਿਸ਼ੇਸ਼ ਤੌਰ ‘ਤੇ ਉੱਥੇ ਪਹੁੰਚੇ ਹੋਏ ਸਨ। ਚੇਅਰਮੈਨ ਵਲੋਂ ਜਦੋਂ ਅਧਿਕਾਰੀਆਂ ਨਾਲ ਟੁੰਡੇਵਾਲ, ਬੇਹਰੜੀ, ਮੋਹਣ ਮਾਜਰਾ ਤੇ ਨਿੱਘੀ ਵਗੈਰਾ ਪਿੰਡਾਂ ਦੇ ਬੰਨ੍ਹ ਵਾਲੇ ਪਾਸੇ ਦੀ ਬੰਜਰ ਜਮੀਨ ਦੀ ਸਿੰਚਾਈ ਸੰਬੰਧੀ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ, ਤਾਂ ਵਿਭਾਗ ਵਲੋਂ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਨੂੰ ਵੀ ਸਿੰਚਾਈ ਹੇਠ ਲਿਆਉਣਾ ਪੂਰੀ ਤਰ੍ਹਾਂ ਸੰਭਵ ਹੋ ਜਾਵੇਗਾ। ਬ੍ਰਿਗੇਡੀਅਰ ਰਾਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਇਸ ਪੂਰੇ ਪ੍ਰਾਜੈਕਟ ਨੂੰ ਲਗਾਤਾਰ ਫੌਲੋ-ਅਪ (ਰੈਗੂਲਰ ਨਿਗਰਾਨੀ) ਕਰਨਗੇ। ਇਸ ਮੌਕੇ ਕਾਬਲ ਸਿੰਘ ਚੇਚੀ ਨਿੱਘੀ, ਧਰਮਵੀਰ ਠੇਕੇਦਾਰ, ਰਾਜ ਕੁਮਾਰ ਖੇਪੜ, ਕਾਲਾ ਠੇਕੇਦਾਰ, ਅਸ਼ੋਕ ਕੁਮਾਰ ਪੰਚ, ਧੀਰਜ ਖੇਪੜ, ਕਾਲਾ ਠੇਕੇਦਾਰ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਬਾਗੋਵਾਲ ਦਾ ਦੌਰਾ
ਅਜੀਤ ਡੈਸਕ
15-06-2026