ਮਜਾਰੀ/ਸਾਹਿਬਾ, 27 ਜੂਨ (ਨਿਰਮਲਜੀਤ ਸਿੰਘ ਚਾਹਲ)-ਬੀਤੇ ਸਮੇਂ ਆਈਆਂ ਹਨੇਰੀਆਂ ਕਾਰਨ ਕਸਬਾ ਮਜਾਰੀ ਤੋਂ ਬਲਾਚੌਰ ਤੱਕ ਰਾਜ ਮਾਰਗ ਦੇ ਕਿਨਾਰਿਆਂ ‘ਤੇ ਕਈ ਥਾਵਾਂ ‘ਤੇ ਡਿੱਗੇ ਪਏ ਦਰੱਖਤ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਿਨਾਂ ਨੂੰ ਸੰਬੰਧਿਤ ਮਹਿਕਮੇ ਵਲੋਂ ਅਜੇ ਤੱਕ ਉਠਾਇਆ ਨਹੀ ਗਿਆ। ਇਸ ਮਾਰਗ ਦੇ ਦੋਵੇਂ ਪਾਸੇ ਦੇ ਬਰ੍ਹਮ ਜਿਥੇ ਘਾਹ ਫੂਸ ਤੇ ਨੜਿਆਂ ਨਾਲ ਭਰੇ ਪਏ ਹਨ। ਉਥੇ ਇਨ੍ਹਾਂ ਵਿਚ ਡਿੱਗੇ ਦਰੱਖਤ ਜਿਨ੍ਹਾਂ ਦਾ ਦੂਰੋਂ ਪਤਾ ਹੀ ਨਹੀ ਲੱਗਦਾ, ਜੋ ਕਿਸੇ ਦੀ ਜਾਨ-ਮਾਲ ਦਾ ਨੁਕਸਾਨ ਕਰ ਸਕਦੇ ਹਨ। ਇਸ ਮਾਰਗ ‘ਤੇ ਆਪਣੀ ਉਮਰ ਹੰਢਾ ਚੁੱਕੇ ਬਹੁਤ ਸਾਰੇ ਦਰੱਖਤ ਕਈ ਵਾਰ ਆਪ ਮੁਹਾਰੇ ਸੜਕ ਵੱਲ ਨੂੰ ਕਦੇ ਕਿਸਾਨਾਂ ਦੇ ਖੇਤਾਂ ਵਿਚ ਡਿੱਗ ਰਹੇ ਹਨ। ਕਈ ਵਾਰ ਸੜਕ ਵਿਚ ਡਿੱਗ ਕੇ ਦਰੱਖਤ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਚੁੱਕੇ ਹਨ। ਸੜਕ ਦੇ ਬਰਮਾਂ ਵਿਚ ਡਿੱਗੇ ਪਏ ਲੱਖਾਂ ਰੁਪਏ ਦੀ ਕੀਮਤ ਦੇ ਸੁੱਕੇ ਪਏ ਦਰੱਖਤ ਗਲ ਸੜ੍ਹ ਰਹੇ ਹਨ। ਜਿਨ੍ਹਾਂ ਨੂੰ ਸੰਬਧਿਤ ਮਹਿਕਮੇ ਵਲੋਂ ਕਦੇ ਵੀ ਉਠਾਉਣ ਦੇ ਯਤਨ ਨਹੀ ਕੀਤੇ ਗਏ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਡਿੱਗੇ ਪਏ ਦਰੱਖਤ ਕਿਸੇ ਹਾਦਸੇ ਦਾ ਕਾਰਨ ਬਣਨ ਤੋਂ ਪਹਿਲਾਂ ਇਨ੍ਹਾਂ ਨੂੰ ਇਥੋਂ ਚੁੱਕਿਆ ਜਾਵੇ।