ਨਵਾਂਸ਼ਹਿਰ, 29 ਜੂਨ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਅਹੁਦਾ ਸੰਭਾਲਦਿਆਂ ਨਵੀਆਂ ਪੈੜਾਂ ਪਾਈਆਂ ਤੇ ਕਾਲਜ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਉਨ੍ਹਾਂ ਦੀ ਸੇਵਾ ਮੁਕਤੀ ‘ਤੇ 30 ਜੂਨ ਨੂੰ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਇੰਗਲੈਂਡ, ਕੈਨੇਡਾ ਤੇ ਅਸਟ੍ਰੇਲੀਆ ਆਦਿ ਦੇ ਦੌਰੇ ਕੀਤੇ। ਡਾ. ਭਿੰਡਰ ਦੀ ਕਾਬਲੀਅਤ ਨੂੰ ਵੇਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ। ਯੂਨੀਵਰਸਿਟੀ ਦੀ ਖੇਡ ਕਮੇਟੀ (ਪੁਰਸ਼) ਦੇ ਦੋ ਵਾਰੀ ਪ੍ਰਧਾਨ, ਯੂਨੀਵਰਸਿਟੀ ਸੈਨੇਟ ਮੈਂਬਰ, ਸਿੰਡੀਕੇਟ ਮੈਂਬਰ, ਵਿਦਿਆਰਥੀ ਭਲਾਈ ਵਿਭਾਗ ਤੇ ਯੂਥ ਫੈਸਟੀਵਲ ਦੀ ਸਲਾਹਕਾਰ ਕਮੇਟੀ ਦੇ ਮੈਂਬਰ, ਐੱਨ. ਐੱਸ. ਐੱਸ ਕਮੇਟੀ ਮੈਂਬਰ, ਕਾਲਜ ਵਿਕਾਸ ਕੌਂਸਲ ਮੈਂਬਰ ਤੌਰ ‘ਤੇ ਜ਼ਿੰਮੇਵਾਰੀਆਂ ਨਿਭਾਈਆਂ। ਇਸ ਤੋਂ ਇਲਾਵਾ ਉਹ ਪੰਜਾਬ ਪ੍ਰਿੰਸੀਪਲ ਐਸੋਸੀਏਸ਼ਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪ੍ਰਿੰਸੀਪਲ ਐਸੋਸੀਏਸ਼ਨ ਦੇ ਸਕੱਤਰ ਰਹੇ। ਰਾਸ਼ਟਰੀ ਪ੍ਰਿੰਸੀਪਲ ਐਸੋਸੀਏਸ਼ਨ ਦੇ ਸੱਦੇ ‘ਤੇ ਇੰਡੋਨੇਸ਼ੀਆ ਵਿਖੇ ਆਯੋਜਿਤ ਕਾਨਫਰੰਸ ਵਿਚ ਪ੍ਰਤੀਨਿਧਤਾ ਕੀਤੀ। ਪਾਕਿਸਤਾਨ ਫੇਰੀ ਦੌਰਾਨ ਉਨ੍ਹਾਂ ਨੇ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਕਾਲਜ ਦੀ ਪ੍ਰਤੀਨਿਧਤਾ ਕੀਤੀ। ਡਾ. ਭਿੰਡਰ ਦੀ ਅਗਵਾਈ ਹੇਠ ਕਾਲਜ ਵਿਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਰਹੀ। ਹਰ ਸਾਲ ਦਾਖ਼ਲਿਆਂ ਵਿਚ ਹੋਇਆ ਵਾਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਮਾਪੇ, ਵਿਦਿਆਰਥੀ ਤੇ ਸਮਾਜ ਕਾਲਜ ਦੀ ਗੁਣਵੱਤਾ ਅਤੇ ਪ੍ਰਬੰਧਨ ‘ਤੇ ਪੂਰਾ ਭਰੋਸਾ ਕਰਦੇ ਰਹੇ।
ਸਿੱਖ ਨੈਸ਼ਨਲ ਕਾਲਜ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਸੇਵਾ ਮੁਕਤੀ ’ਤੇ ਸਮਾਗਮ ਅੱਜ
ਅਜੀਤ ਡੈਸਕ
30-06-2026