ਔੜ/ਝਿੰਗੜਾਂ, 4 ਜੁਲਾਈ (ਕੁਲਦੀਪ ਸਿੰਘ ਝਿੰਗੜ) - ਔੜ ਤੋਂ ਬੁਹਾਰਾ ਰੋਡ ’ਤੇ ਪੈਂਦੇ ਬਿਜਲੀ ਘਰ ਦੇ ਅੱਗੇ ਜਾਂਦੇ ਔੜ ਨਵਾਂਸ਼ਹਿਰ ਰੋਡ ’ਤੇ ਉਸ ਵਕਤ ਹਫੜਾ ਦਫੜੀ ਮੱਚ ਗਈ ਜਦੋਂ ਅਣਪਛਾਤੀ ਬੱਸ ਨੇ ਨਵਾਂਸ਼ਹਿਰ ਤੋਂ ਸਪੈਸ਼ਲ ਡਿਊਟੀ ਕਰਕੇ ਥਾਣਾ ਔੜ ਨੂੰ ਜਾਂਦੀ ਲੇਡੀ ਹੈੱਡ ਕਾਂਸਟੇਬਲ ਦੀ ਸਕੂਟਰੀ ਵਿੱਚ ਟੱਕਰ ਮਾਰ ਦਿੱਤੀ ਜਿਸ ਦੌਰਾਨ ਲੇਡੀ ਕਾਂਸਟੇਬਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਇਸ ਵੇਲੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਥਾਣਾ ਔੜ ਦੇ ਐੱਸ.ਆਈ ਹੁਸਨ ਲਾਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਣਜੀਤ ਕੌਰ ਕਾਸੋ ਆਪ੍ਰੇਸ਼ਨ ਦੌਰਾਨ ਨਵਾਂਸ਼ਹਿਰ ਵਿਖੇ ਸਪੈਸ਼ਲ ਡਿਊਟੀ ਨਿਭਾ ਕੇ ਦੁਪਹਿਰ 2 ਵਜੇ ਦੇ ਕਰੀਬ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਥਾਣਾ ਔੜ ਨੂੰ ਵਾਪਸ ਆ ਰਹੀ ਸੀ। ਜਦੋਂ ਉਹ ਬਿਜਲੀ ਦਫ਼ਤਰ ਔੜ ਨਜ਼ਦੀਕ ਪੁੱਜੀ ਤਾਂ ਪਿੱਛੇ ਤੋਂ ਆ ਰਹੀ ਇੱਕ ਅਣਪਛਾਤੀ ਬੱਸ ਨੇ ਉਸਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਰਾਹਗੀਰਾਂ ਤੇ ਹੋਰ ਲੋਕਾਂ ਦੀ ਮਦਦ ਨਾਲ ਜ਼ਖਮੀ ਹੈੱਡ ਕਾਂਸਟੇਬਲ ਨੂੰ ਤੁਰੰਤ ਔੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ। ਐੱਸ.ਆਈ. ਹੁਸਨ ਲਾਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਫਰਾਰ ਹੋਈ ਬੱਸ ਦੀ ਪਛਾਣ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾਵੇਗੀ। ਪੁਲਿਸ ਵਲੋਂ ਟੱਕਰ ਮਾਰਨ ਵਾਲੇ ਵਾਹਨ ਨੂੰ ਟਰੇਸ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ ਤੇ ਵਾਹਨ ਦੀ ਪਛਾਣ ਹੁੰਦੇ ਹੀ ਚਾਲਕ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।