ਬੰਗਾ, 4 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਕਾਂਗਰਸ ਪਾਰਟੀ ਦੇ ਸ਼ਹਿਰ ਨਾਲ ਸਬੰਧਤ ਕੁੱਝ ਆਗੂ ਚਾਹ ਦਾ ਕੱਪ ਸਾਂਝਾ ਕਰਨ ਹਿੱਤ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਹੋਏ। ਉਹਨਾਂ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ’ਤੇ ਸੰਘਰਸ਼ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਜਨ ਸੰਪਰਕ ਵਧਾਉਣ ਲਈ ਵਿਚਾਰਾਂ ਦੀ ਸਾਂਝ ਪਾਈ। ਡਾ. ਬਖਸ਼ੀਸ਼ ਸਿੰਘ ਨੇ ਸਾਰਿਆਂ ਨੂੰ ਇੱਕਜੁਟਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਪ੍ਰਚਾਰ ਪਸਾਰ ਲਈ ਹਰ ਆਗੂ ਅਤੇ ਵਰਕਰ ਤੱਕ ਪਹੁੰਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਂਝੀ ਰਾਏ ਅਨੁਸਾਰ ਪਾਰਟੀ ਦੇ ਲੋਕ ਭਲਾਈ ਵਾਲੇ ਮਿਸ਼ਨ ਨੂੰ ਘਰ-ਘਰ ਤੱਕ ਪੁੱਜਦਾ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਸਾਬਕਾ ਕੌਂਸਲਰ ਕੀਮਤੀ ਸੱਦੀ, ਮਨਜਿੰਦਰ ਬੌਬੀ, ਅਰੁਣ ਘਈ ਨੇ ਉਕਤ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਆਖਿਆ ਕਿ ਜੇਕਰ ਕਾਂਗਰਸ ਨੂੰ ਮੁੜ ਸਰਕਾਰ ਦੇ ਰੂਪ ’ਚ ਕਾਬਜ਼ ਦੇਖਣਾ ਚਾਹੁੰਦੇ ਹੋ ਤਾਂ ਪਾਰਟੀ ’ਚ ਕੰਮ ਕਰਦੇ ਵਰਕਰਾਂ ਦੀਆਂ ਦਿਲੀ ਭਾਵਨਾਵਾਂ ਨੂੰ ਹਾਈ ਕਮਾਂਡ ਤੱਕ ਪੁੱਜਦਾ ਕਰਨਾ ਚਾਹੀਦਾ ਹੈ। ਪਾਰਟੀ ਤੋਂ ਦੂਰ ਜਾ ਚੁੱਕੇ ਵਰਕਰਾਂ ਨੂੰ ਮੁੜ ਲਾਮਬੰਦ ਕਰਦਿਆਂ ਮੁੱਖ ਧਾਰਾ ’ਚ ਲਿਆਉਣ ਦੀ ਲੋੜ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਨਾਅਰਿਆਂ ਅਤੇ ਲਾਰਿਆਂ ਦੇ ਸਿਰ ’ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰ ਰਹੀਆਂ ਹਨ। ਜਦੋਂ ਕਿ ਅਸਲੀਅਤ ਵਿਚ ਸਮੇਂ ਦੇ ਹਾਕਮ ਆਪਣੇ ਹੀ ਢਿੱਡ ਭਰ ਰਹੇ ਹਨ। ਇਵੇਂ ਹੀ ਪਾਰਟੀ ਆਗੂ ਮਨਜਿੰਦਰ ਕੁਮਾਰ, ਮਾਸਟਰ ਸ਼ੰਕਰ ਦਾਸ, ਗਿਆਨ ਚੰਦ ਅਤੇ ਹਰਬੰਸ ਬਬਲੂ ਨੇ ਇਹ ਪੱਖ ਉਭਾਰਿਆਂ ਕਿ ਪਾਰਟੀ ਵਲੋਂ ਉਮੀਦਵਾਰਾਂ ਦੇ ਐਲਾਨ ਵਿੱਚ ਹਰ ਵਾਰ ਹੁੰਦੀ ਦੇਰੀ ਵੀ ਪਾਰਟੀ ਦਾ ਨੁਕਸਾਨ ਕਰਦੀ ਹੈ ਜਿਸ ਲਈ ਪਾਰਟੀ ਵਲੋਂ ਇਸ ਹਲਕੇ ਤੋਂ ਹੀ ਪਾਰਟੀ ਦਾ ਉਮੀਦਵਾਰ ਐਲਾਨਿਆਂ ਜਾਣਾ ਚਾਹੀਦਾ ਹੈ। ਇਹਨਾਂ ਆਗੂਆਂ ਨੇ ਪਾਰਟੀ ਨੂੰ ਹਲਕੇ ਅੰਦਰ ਪਿੰਡ ਪੱਧਰ ਅਤੇ ਸ਼ਹਿਰ ’ਚ ਵਾਰਡ ਪੱਧਰ ’ਤੇ ਵਰਕਰ ਮਿਲਣੀਆਂ ਦੀ ਲੜੀ ਆਰੰਭਣ ਦੀ ਵੀ ਸਲਾਹ ਦਿੱਤੀ। ਇਸ ਮੌਕੇ ਨਗਰ ਪਾਲਿਕਾ ਦੀਆਂ ਚੋਣਾਂ ਦੌਰਾਨ ਪਾਰਟੀ ਸਰਗਰਮੀਂ ਅਤੇ ਵਿਰੋਧੀ ਪਾਰਟੀਆਂ ਦੀ ਧੱਕੇਸ਼ਾਹੀ ਸਬੰਧੀ ਵੀ ਸਮੀਖਿਆ ਕੀਤੀ ਗਈ।