ਪੱਸੀ ਕੰਢੀ, 4 ਜੁਲਾਈ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਐੱਸ. ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐੱਚ.ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਛੰਗਿਆਲ ਵਿਖੇ ਸਿਹਤ ਕਰਮਚਾਰੀ ਰਾਜੀਵ ਰੋਮੀ, ਸੁਨੀਤਾ ਦੇਵੀ ਆਸ਼ਾ ਵਰਕਰ ਵਲੋਂ ਘਰਾਂ ਵਿਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਚਲਾਈ ਗਈ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਵਿਚ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਤਹਿਤ ਡੇਂਗੂ, ਮਲੇਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਦਾ ਮੱਛਰ ਘਰਾਂ ਦੇ ਕੂਲਰਾਂ ਗਮਲਿਆਂ, ਫ਼ਰਿਜਾਂ ਦੀਆਂ ਬੈਕ ਟਰੇਆਂ, ਖੁੱਲ੍ਹੀਆਂ ਪਾਣੀ ਦੀਆਂ ਟੈਂਕੀਆਂ, ਬਿਨਾਂ ਢਕੇ ਹੋਏ ਜਮਾਂ ਕਰਕੇ ਰੱਖਿਆ ਹੋਇਆ ਪਾਣੀ, ਜਾਨਵਰਾਂ, ਪੰਛੀਆਂ ਨੂੰ ਪਾਣੀ ਪਿਲਾਉਣ ਵਾਲੇ ਬਰਤਨਾਂ ਆਦਿ ਵਿਚ ਇੱਕ ਹਫ਼ਤੇ ਦੇ ਵਿਚ ਪੈਦਾ ਹੋ ਸਕਦਾ ਹੈ। ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਇਨ੍ਹਾਂ ਵਸਤਾਂ ਦੀ ਸਫ਼ਾਈ ਰੱਖ ਕੇ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣਾ ਚਾਹੀਦਾ ਹੈ। ਡੇਂਗੂ ਦੇ ਸਾਰੇ ਟੈੱਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੇ ਜਾਂਦੇ ਹਨ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੁਨੀਤਾ ਦੇਵੀ ਆਸ਼ਾ ਵਰਕਰ, ਪੂਜਾ ਰਾਣੀ ਸੱਤਿਆ ਦੇਵੀ ਆਦਿ ਹਾਜ਼ਰ ਸਨ।