ਟੱਪਰੀਆ ਖੁਰਦ, 13 ਜੁਲਾਈ (ਬੂਥਗੜ੍ਹੀਆ)- ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਹਲਕਾ ਇੰਚਾਰਜ ਯੂਥ ਆਗੂ ਸੰਦੀਪ ਹਨੀ ਟੌਂਸਾ ਨੇ ਕਿਹਾ ਕਿ ਪੰਜਾਬ ਦਾ ਸਰਪੱਖੀ ਵਿਕਾਸ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਤੇ ਔਰਤਾਂ ਦੇ ਸਨਮਾਨ ਵਪਾਰ ਤੇ ਉਦਯੋਗ ਨੂੰ ਨਵੀਂ ਰਫ਼ਤਾਰ ਦੇਣ ਤੇ ਸੂਬੇ ਦੀ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਲਈ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਹੀ ਸਭ ਤੋਂ ਮਜ਼ਬੂਤ ਤੇ ਭਰੋਸੇਯੋਗ ਅਧਾਰ ਹਨ। ਟੌਂਸਾ ਨੇ ਕਿਹਾ ਕਿ ਪੰਜਾਬ ਸੂਬਾ ਅੱਜ ਜਿਹੜੀਆਂ ਚਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਦਾ ਹੱਲ ਕੇਵਲ ਦੂਰਅੰਦੇਸ਼ੀ ਅਗਵਾਈ ਮਜ਼ਬੂਤ ਖੇਤਰੀ ਸੋਚ ਤੇ ਲੋਕ ਹਿੱਤਾਂ ਨੂੰ ਸਰਵਉੱਚ ਤਰਜੀਹ ਦੇਣ ਵਾਲੀਆਂ ਨੀਤੀਆਂ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਨਾਲ ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਦੌਰਾਨ ਸੂਬੇ ਦੇ ਅੰਦਰ ਬੇਰੁਜ਼ਗਾਰੀ, ਨਸ਼ਾਖੋਰੀ, ਵਿਗੜਦੀ ਕਾਨੂੰਨ ਦੀ ਵਿਵਸਥਾ, ਵਪਾਰੀਆਂ ਦੀ ਲੁੱਟ, ਉਦਯੋਗ ਦਾ ਪਲਾਇਨ, ਕਿਸਾਨਾਂ ਦੀਆ ਵੱਧਦੀਆ ਲਾਗਤਾਂ, ਆਰਥਿਕ ਦਬਾਅ ਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਵਰਗੀਆਂ ਸਮੱਸਿਆ ਲਗਾਤਾਰ ਵੱਧ ਰਹੀਆਂ ਹਨ। ਪੜ੍ਹੇ-ਲਿਖੇ ਨੌਜਵਾਨ ਰੋਜ਼ਗਾਰ ਦੀ ਘਾਟ ਕਾਰਨ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੂਬੇ ਦੇ ਲੋਕ ਸਾਬਕਾ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਕਮਾਂਡ ਸੌਂਪਣ ਨੂੰ ਤਿਆਰ ਬੈਠੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੀਪ ਸਿੰਘ ਬਕਾਪੁਰ, ਸਰਦਾਰ ਅਜਮੇਰ ਸਿੰਘ ਆਦਿ ਆਗੂ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਥਾਂ ’ਚ ਹੀ ਸੁਰੱਖਿਅਤ ਹੈ ਪੰਜਾਬ ਦਾ ਭਵਿੱਖ - ਹਨੀ ਟੌਂਸਾ
ਅਜੀਤ ਡੈਸਕ
14-07-2026