ਨਵਾਂਸ਼ਹਿਰ/ਬਲਾਚੌਰ, 13 ਜੁਲਾਈ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਪੰਜਾਬ ਦੇ ਜਲ ਸਰੋਤ, ਖਣਨ ਅਤੇ ਭੂ-ਵਿਗਿਆਨ ਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੁਆਬਾ ਖੇਤਰ ਦੇ ਦੋ ਦਿਨਾ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਹੈ। ਕੈਬਨਿਟ ਮੰਤਰੀ ਨੇ ਸਤਲੁਜ ਦਰਿਆ ਕੰਢੇ ਪੈਂਦੇ ਪਿੰਡ ਬੰਗਾ ਬੇਟ ਅਤੇ ਖੋਜਾ ਬੇਟ ਦਾ ਦੌਰਾ ਕੀਤਾ ਅਤੇ 2.30 ਕਰੋੜ ਰੁਪਏ ਦੀ ਲਾਗਤ ਨਾਲ ਹਾਲ ਹੀ ਵਿੱਚ ਮੁਕੰਮਲ ਹੋਏ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ। ਇਸ ਪ੍ਰਾਜੈਕਟ ਤਹਿਤ ਬੰਨ੍ਹ ’ਤੇ 910 ਫੁੱਟ ਲੰਬਾ ਹੜ੍ਹ ਰੋਕੂ ਰਿਵੈਟਮੈਂਟ ਅਤੇ 8 ਸਟੱਡ ਬਣਾਏ ਗਏ ਹਨ ਤਾਂ ਜੋ ਦਰਿਆ ਦੇ ਕਿਨਾਰੇ ਦੇ ਕਟਾਅ ਨੂੰ ਰੋਕਿਆ ਜਾ ਸਕੇ ਅਤੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਸਕੇ। ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਹੜ੍ਹ ਰੋਕੂ ਉਪਾਵਾਂ ’ਤੇ 450 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਇਹ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਹੜ੍ਹ ਰੋਕੂ ਕੰਮਾਂ ਵਿੱਚ 101 ਬੋਲਡਰ ਅਤੇ ਹਾਈਬ੍ਰਿਡ ਰੋਕੂ ਕੰਮ, 17 ਬੰਨ੍ਹਾਂ ਨੂੰ ਉੱਚਾ ਚੁੱਕਣ ਦੇ ਕੰਮ, 22 ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ, 188 ਨਾਲਿਆਂ ਦੀ ਸਫ਼ਾਈ ਅਤੇ 5 ਹੜ੍ਹ ਕੰਟਰੋਲ ਗੇਟ ਚਲਾਉਣ ਦੇ ਕੰਮ ਲਈ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਕੁੱਲ ਲਗਭਗ 450 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦੀ ਗੁਣਵੱਤਾ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਾ ਬੇਟ ਅਤੇ ਖੋਜਾ ਬੇਟ ਵਿਖੇ ਇਹ ਪ੍ਰਾਜੈਕਟ ਲਗਭਗ 2,500 ਲੋਕਾਂ ਅਤੇ ਕਰੀਬ 10,000 ਏਕੜ ਉਪਜਾਊ ਖੇਤੀ ਜ਼ਮੀਨ ਨੂੰ ਹੜ੍ਹਾਂ ਅਤੇ ਦਰਿਆ ਦੇ ਕਟਾਅ ਤੋਂ ਬਚਾਅ ਪ੍ਰਦਾਨ ਕਰੇਗਾ। ਮੰਤਰੀ ਨੇ ਦੱਸਿਆ ਕਿ ਪਹਿਲਾਂ ਹੜ੍ਹਾਂ ਵਰਗੀ ਸਥਿਤੀ ਕਾਰਨ ਕਟਾਅ ਬਹੁਤ ਜ਼ਿਆਦਾ ਹੋ ਗਿਆ ਸੀ, ਜਿਸ ਨਾਲ ਦਰਿਆ ਦੇ ਬਰਮ ਤੇ ਬੰਨ੍ਹ ਵਿਚਕਾਰ ਦੂਰੀ ਘੱਟ ਗਈ ਸੀ ਅਤੇ ਨਾਲ ਲੱਗਦੇ ਪਿੰਡਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਇਸ ਲਈ ਇਹ ਕੰਮ ਕਰਨਾ ਜ਼ਰੂਰੀ ਹੋ ਗਿਆ ਸੀ। ਇਹ ਪ੍ਰਾਜੈਕਟ ਦਰਿਆ ਦੀ ਪਾਣੀ ਲਿਜਾਣ ਦੀ ਸਮਰੱਥਾ ਤੇ ਹੜ੍ਹ ਦੇ ਪਾਣੀ ਦੇ ਪ੍ਰਬੰਧਨ ਵਿੱਚ ਵੀ ਸੁਧਾਰ ਕਰੇਗਾ। ਇਸ ਮੌਕੇ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ, ਸੁਪਰਡੈਂਟਿੰਗ ਇੰਜੀਨੀਅਰ ਡਰੇਨੇਜ ਤੇ ਮਾਈਨਿੰਗ ਅਮਰਿੰਦਰ ਸਿੰਘ ਪੰਧੇਰ, ਕਾਰਜਕਾਰੀ ਇੰਜੀਨੀਅਰ ਤੁਸ਼ਾਰ ਗੋਇਲ, ਐਸ.ਡੀ.ਓ. ਹਰਕਮਲ ਹੀਰਾ ਹਾਜ਼ਰ ਸਨ।
ਬਰਿੰਦਰ ਕੁਮਾਰ ਗੋਇਲ ਵਲੋਂ ਦੋਆਬਾ ਖੇਤਰ ’ਚ ਹੜ੍ਹ ਰੋਕੂ ਕਾਰਜਾਂ ਦਾ ਜਾਇਜ਼ਾ
ਅਜੀਤ ਡੈਸਕ
14-07-2026