ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਪਿੰਡ ਬਕਾਪੁਰ ਤੋਂ ਆਲੋਵਾਲ ਨੂੰ ਜਾਂਦੀ ਸੜਕ ‘ਤੇ ਪੈਂਦੀ ਬਰਸਾਤੀ ਡਰੇਨ ‘ਤੇ ਪੁੱਲੀ ਤਾਂ ਕਈ ਮਹੀਨਿਆਂ ਤੋਂ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਡਰੇਨ ਵਿਚ ਬਰਸਾਤਾਂ ਦੇ ਮੌਸਮ ਵਿਚ ਬਹੁਤ ਜ਼ਿਆਦਾ ਪਾਣੀ ਆਉਂਦਾ ਹੈ ਜਿਸ ਨਾਲ ਰਾਹਗੀਰਾਂ ਦਾ ਆਉਣਾ-ਜਾਣਾ ਬੰਦ ਹੋ ਜਾਂਦਾ ਸੀ। ਸਰਕਾਰੀ ਸਕੂਲ ਬਕਾਪੁਰ ਵਿਖੇ ਪੜ੍ਹਨ ਆਉਂਦੇ ਬੱਚਿਆਂ ਨੂੰ ਕਾਫੀ ਦਿੱਕਤ ਆਉਂਦੀ ਸੀ।ਇਹ ਪੁਲੀ ਸੜਕ ਤੋਂ ਕਾਫੀ ਉੱਚੀ ਕਰਕੇ ਬਣਾਈ ਗਈ ਹੈ ਜਿਸ ਦਾ ਬਰਸਾਤਾਂ ਮੌਕੇ ਰਾਹਗੀਰਾਂ ਤੇ ਨੇੜਲੇ ਖੇਤਾਂ ਵਾਲਿਆਂ ਨੂੰ ਕਾਫੀ ਫਾਇਦਾ ਹੋਵੇਗਾ।ਇਸ ਪੁਲੀ ਨੂੰ ਕਾਫੀ ਸਮੇਂ ਤੋਂ ਬਣਾ ਕੇ ਛੱਡ ਦਿੱਤਾ ਗਿਆ ਹੈ।ਇਸ ਦੇ ਦੋਵੇਂ ਪਾਸੇ ਦੀ ਸੜਕ ਕਾਫੀ ਨੀਵੀ ਰਹਿ ਗਈ ਹੈ ਜਿਸ ਨੂੰ ਸਬੰਧਿਤ ਠੇਕੇਦਾਰ ਨੇ ਮਿੱਟੀ ਪਾ ਕੇ ਉੱਚੀ ਕਰਕੇ ਦੋਵਾਂ ਪਾਸਿਆਂ ਤੋਂ ਸੜਕ ਨੂੰ ਨਾਲ ਜੋੜਨਾ ਸੀ ਪਰ ਅਜੇ ਤੱਕ ਜੋੜਿਆ ਨਹੀਂ ਗਿਆ। ਇਹ ਪੁਲੀ ਬਣਨ ਵੇਲੇ ਰਸਤਾ ਵੀ ਨੇੜੇ ਦੇ ਖੇਤਾਂ ਵਿਚੋਂ ਕੱਢਿਆ ਗਿਆ ਸੀ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਜਿਸ ਕਾਰਨ ਮੀਂਹਾਂ ਵਿਚ ਰਾਹਗੀਰਾਂ ਨੂੰ ਮੁੜ ਪਹਿਲੇ ਵਾਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਇਸ ਬਾਰੇ ਅਕਾਲੀ ਆਗੂ ਗੁਰਦੀਪ ਸਿੰਘ ਬਕਾਪੁਰ ਤੇ ਹਰਬੰਸ ਸਿੰਘ ਮੰਡੇਰ ਚੇਅਰਮੈਨ ਚੈਰੀਟੇਬਲ ਹਸਪਤਾਲ ਬਕਾਪੁਰ ਨੇ ਕਿਹਾ ਕਿ ਜੇਕਰ ਇਹ ਸੜਕ ਸਮੇਂ ਸਿਰ ਪੁਲੀ ਦੇ ਨਾਲ ਹੀ ਬਣਾਈ ਹੁੰਦੀ ਤਾਂ ਇਹ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਾਲੂ ਹੋ ਜਾਣੀ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਅਧੂਰਾ ਕੰਮ ਪੂਰਾ ਕਰਕੇ ਲੋਕਾਂ ਨੂੰ ਬਰਸਾਤਾਂ ਮੌਕੇ ਆਉਂਦੀ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾਵੇ।
ਬਕਾਪੁਰ-ਆਲੋਵਾਲ ਚੋਅ ’ਤੇ ਬਣ ਕੇ ਤਿਆਰ ਪੁਲੀ ਦੀ ਉਸਾਰੀ ਮੁਕੰਮਲ ਕਰਨ ਦੀ ਮੰਗ
ਅਜੀਤ ਡੈਸਕ
16-07-2026