ਮਜਾਰੀ/ਸਾਹਿਬ, 17 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਅੱਜ ਸਵੇਰੇ ਧਾਰਮਿਕ ਸਥਾਨ ਚੁਸ਼ਮਾਂ ਦੇ ਲਾਗੇ ਕਿਸਾਨ ਦੀ ਮੋਟਰ ਤੋਂ ਇੱਕ ਚੋਰ ਨੂੰ ਤਾਰ ਕੱਟਦੇ ਸਮੇਂ ਕਿਸਾਨ ਵੱਲੋਂ ਰੰਗੇ ਹੱਥੀਂ ਫੜ੍ਹ ਲਿਆ ਗਿਆ। ਇਸ ਬਾਰੇ ਮਨਜੀਤ ਸਿੰਘ ਪੁੱਤਰ ਬਲਿਹਾਰ ਸਿੰਘ ਪਿੰਡ ਰੱਕੜਾਂ ਢਾਹਾਂ ਜਿਸ ਨੇ ਪਿੰਡ ਸਿੰਬਲ ਮਜਾਰਾ ਦੇ ਇੱਕ ਕਿਸਾਨ ਤੋਂ ਜਮੀਨ ਠੇਕੇ ’ਤੇ ਲੈ ਕੇ ਝੋਨਾ ਲਗਾਇਆ ਹੋਇਆ ਹੈ। ਉਹਨਾਂ ਦੱਸਿਆ ਕਿ ਉਹ ਜਦੋਂ ਸਵੇਰੇ 5 ਵਜੇ ਆਪਣੇ ਸੀਰੀ ਨੂੰ ਨਾਲ ਲੈ ਕੇ ਮੋਟਰ ਚਲਾਉਣ ਵਾਸਤੇ ਆਇਆ ਤਾਂ ਵੇਖਿਆ ਇੱਕ ਚੋਰ ਮੋਟਰ ਦੇ ਕਮਰੇ ਦਾ ਜਿੰਦਰਾ ਰਾਡ ਨਾਲ ਤੋੜ ਕੇ ਅੰਦਰੋਂ ਤਾਰ ਕੱਟ ਰਿਹਾ ਸੀ। ਚੋਰ ਕਿਸਾਨ ਨੂੰ ਆਉਂਦਾ ਵੇਖ ਕੇ ਖੇਤ ਦੇ ਬੰਨੇ-ਬੰਨੇ ਭੱਜ ਨਿਕਲਿਆ ਮਗਰ ਹੀ ਕਿਸਾਨ ਤੇ ਉਸਦੇ ਸੀਰੀ ਨੇ ਵੀ ਚੋਰ ਨੂੰ ਪਿੱਛੇ ਭੱਜ ਕੇ ਤਿੰਨ ਕਿੱਲੇ ਦੂਰ ਜਾ ਕੇ ਫੜ ਲਿਆ ਅਤੇ ਆਲੇ ਦੁਆਲੇ ਮੋਟਰਾਂ ਵਾਲੇ ਕਿਸਾਨਾਂ ਨੂੰ ਵੀ ਸੂਚਨਾ ਦਿੱਤੀ ਜਿਸ ’ਤੇ ਇਕੱਠੇ ਹੋਏ ਕਿਸਾਨਾਂ ਨੇ ਜਦੋਂ ਉਸ ਚੋਰ ਦਾ ਨਾਂਅ ਪਤਾ ਪੁੱਛਿਆ ਤਾਂ ਪਹਿਲਾਂ ਉਹ ਆਪਣਾ ਗਲਤ ਪਤਾ ਦੱਸਦਾ ਰਿਹਾ। ਕਿਸਾਨਾਂ ਨੇ ਜਦੋਂ ਉਸ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਦੀਪਾ ਪੁੱਤਰ ਸੁਰਜੀਤ ਸਿੰਘ ਪਿੰਡ ਬਸਿਆਲਾ ਦੱਸਿਆ। ਕਿਸਾਨਾਂ ਵੱਲੋਂ ਤੁਰੰਤ ਪੁਲਿਸ ਥਾਣਾ ਸਦਰ ਬਲਾਚੌਰ ਨੂੰ ਇਤਲਾਹ ਦਿੱਤੀ ਗਈ। ਥਾਣੇ ਤੋਂ ਆਏ ਮੁਲਾਜ਼ਮ ਚੋਰ ਨੂੰ ਫੜ ਕੇ ਥਾਣੇ ਲੈ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।