ਕਾਠਗੜ੍ਹ, 18 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਪਿੰਡ ਟੌਂਸਾ ਕੋਲ ਕਾਰ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਦੀਪ ਕੁਮਾਰ ਨੇ ਦੱਸਿਆ ਰਾਹਗੀਰ ਤੋਂ ਸੂਚਨਾ ਮਿਲੀ ਕਿ ਟੌਂਸਾ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ। ਐਸ.ਐਸ.ਐਫ. ਦੀ ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਦੀਪ ਕੁਮਾਰ ਨੇ ਤਰੁੰਤ ਮੌਕੇ ‘ਤੇ ਜਾ ਕੇ ਦੇਖਿਆ ਕਿ ਇੱਕ ਬਲੀਨੋ ਕਾਰ ਜਿਸ ਦਾ ਨੰਬਰ ਪੀ.ਬੀ. 12 ਏ.ਕੇ. 7678 ਜਿਸ ਨੂੰ ਸੁਖਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਭੋਲ ਰੋਪੜ ਚਲਾ ਰਿਹਾ ਸੀ। ਜਦੋਂ ਇਹ ਕਾਰ ਟੌਂਸਾ ਅੱਡੇ ਨੇੜੇ ਪਹੁੰਚੀ ਤਾਂ ਗਲਤ ਦਿਸ਼ਾ ਤੋਂ ਇੱਕ ਟਰੈਕਟਰ-ਟਰਾਲੀ ਆ ਰਿਹਾ ਸੀ ਜਿਸ ਨੂੰ ਰਹਿਮ ਅਲੀ ਪੁੱਤਰ ਹਜੂਰ ਦੀਨ ਪਿੰਡ ਬਨਾਂ ਚਲਾਅ ਰਿਹਾ ਸੀ। ਜਦੋਂ ਇਹ ਉਪਰੋਕਤ ਸਥਾਨ ‘ਤੇ ਇਹਨਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਕਾਰ ਚਾਲਕ ਸੁਖਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਭੋਲ ਰੋਪੜ ਅਤੇ ਉਸ ਦੀ ਕਾਰ ਵਿੱਚ ਬੈਠਾ ਉਸ ਦਾ ਦੂਸਰਾ ਸਾਥੀ ਪਰਗਟ ਸਿੰਘ ਪੁੱਤਰ ਬਹਾਦੁਰ ਸਿੰਘ ਪਿੰਡ ਭੋਲ ਰੋਪੜ ਜ਼ਖਮੀ ਹੋ ਗਏ। ਜਿਹਨਾਂ ਨੂੰ ਐਸ.ਐਸ.ਐਫ. ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਰੋਪੜ ਵਿੱਚ ਦਾਖਲ ਕਰਵਾਇਆ ਗਿਆ ਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਕਾਰ ਤੇ ਟਰੈਕਟਰ ਟਰਾਲੀ ਨੂੰ ਸਾਇਡ ‘ਤੇ ਕਰਵਾਇਆ ਗਿਆ ਤੇ ਆਵਾਜਾਈ ਲਈ ਬਹਾਲ ਕਰਵਾਇਆ ਗਿਆ। ਹਾਦਸੇ ਵਿੱਚ ਦੋਨੋ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ, ਉਂਝ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।