ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ-ਡਾ. ਰਾਜ ਕੁਮਾਰ
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬਲਾਕ ਨਵਾਂਸ਼ਹਿਰ ਦੀ ਕੋਆਪਰੇਟਿਵ ਸੁਸਾਇਟੀ ਪਿੰਡ ਨਿਆਮਤਪੁਰ ਵਿਖੇ ਸੀ. ਆਰ.
ਬੰਗਾ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਬਲਾਕ ਨਵਾਂਸ਼ਹਿਰ ਦੀ ਕੋਆਪਰੇਟਿਵ ਸੁਸਾਇਟੀ ਪਿੰਡ ਨਿਆਮਤਪੁਰ ਵਿਖੇ ਸੀ. ਆਰ. ਐਮ. ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਲੇਖਰਾਜ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ। ਕੈਂਪ ਦੌਰਾਨ ਡਾਕਟਰ ਰਾਜ ਕੁਮਾਰ ਵਲੋਂ ਦੱਸਿਆ ਗਿਆ ਕਿ ਝੋਨੇ ਦੀ ਫਸਲ ਕਟਾਈ ਦੀ ਚੱਲ ਰਹੀ ਹੈ ਉਪਰੰਤ ਸਾਡੀ ਮੁੱਖ ਫਸਲ ਕਣਕ ਦੀ ਬਿਜਾਈ ਕੀਤੀ ਜਾਣੀ ਹੈ। ਕਿਸਾਨ ਆਪਣੇ ਖੇਤਾਂ ਵਿਚ ਸੁਪਰ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ ਕਿਉਂਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਮਿਲਾਣ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਵਰਗੇ ਜਰੂਰੀ ਤੱਤ ਜ਼ਮੀਨ ਨੂੰ ਮਿਲਦੇ ਹਨ ਤੇ ਇਸ ਨਾਲ ਖਾਦਾਂ ਦੀ ਪੂਰਤੀ ਹੁੰਦੀ ਹੈ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਬਲਾਕ ਨਵਾਂ ਸ਼ਹਿਰ ਵਿਚ 14 ਕਲਸਟਰ ਅਤੇ 42 ਪਿੰਡ ਪੱਧਰ ’ਤੇ ਨੋਡਲ ਅਫਸਰ ਲਗਾਏ ਗਏ ਹਨ ਜੋ ਲਗਾਤਾਰ ਖੇਤਾਂ ਦੀ ਨਿਗਰਾਨੀ ਕਰਨਗੇ ਅਤੇ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਪਾਇਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਦੱਸਿਆ ਕਿ ਕਿਸਾਨਾਂ ਨੂੰ ਪੀ. ਐਮ. ਕਿਸਾਨ ਨਿਧੀ ਯੋਜਨਾ ਤੇ ਵਿਭਾਗ ਦੀਆਂ ਹੋਰ ਸਕੀਮਾਂ ਦਾ ਫਾਇਦਾ ਲੈਣ ਲਈ ਫਾਰਮਰ ਆਈ. ਡੀ. ਬਣਾਉਣੀ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵਲੋਂ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਲੱਗਣ ਵਾਲੇ ਕੀੜੇ ਮਕੌੜਿਆਂ ਜਿਵੇਂ ਕਿ ਤਣੇ ਦਾ ਗਣੂਆ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ ਜੜਾਂ ਦੀ ਸੁੰਡੀ ਅਤੇ ਬਿਮਾਰੀਆਂ ਸ਼ੀਥ ਬਲਾਈਟ, ਝੂਠੀ ਕਾਂਗਿਆਰੀ ਤਣੇ ਦਾ ਗਲਣਾ ਅਤੇ ਝੁਲਸ ਰੋਗ, ਇਸੇ ਤਰ੍ਹਾਂ ਮੱਕੀ ਦੀ ਫਸਲ ਵਿੱਚ ਲੱਗਣ ਵਾਲੇ ਕੀੜੇ ਮਕੌੜਿਆਂ ਜਿਵੇਂ ਕਿ ਮੱਕੀ ਦਾ ਗੁਣੂਆਂ, ਫਾਲ ਆਰਮੀ ਬਾਰਮ ਤੇ ਬਿਮਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਮਿਸ਼ਨ ਐਡੀਬਲ ਆਇਲ ਸਕੀਮ ਤਹਿਤ ਜ਼ਿਲ੍ਹੇ ਵਿਚ ਤੇਲ ਬੀਜਾਂ ਦੀ ਕਾਸਤ ਨੂੰ ਹੁੰਗਾਰਾ ਦੇਣ ਲਈ ਵਿਭਾਗ ਵਲੋਂ ਬਲਾਕ ਨਵਾਂ ਸ਼ਹਿਰ ਦੇ ਕਿਸਾਨਾਂ ਨੂੰ ਸਰ੍ਹੋਂ ਦੀਆਂ ਮਿੰਨੀ ਕਿੱਟਾਂ ਮੁਫਤ ਵੰਡੀਆਂ ਜਾਣਗੀਆਂ ਅਤੇ ਨਾਲ ਹੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ, ਜਿਸ ਵਿਚ ਕਿਸਾਨਾਂ ਨੂੰ ਮਹੱਤਵਪੂਰਨ ਇਨਪੁੱਟਸ ਜਿਵੇਂ ਕਿ ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਆਦਿ ਵੀ ਵੰਡੇ ਜਾਣਗੇ। ਸ੍ਰੀਮਤੀ ਪਰਮਵੀਰ ਕੌਰ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਵਲੋਂ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਪਾਉਣ ਲਈ ਕਿਸਾਨਾਂ ਨੂੰ ਜਾਗਰਿਤ ਕੀਤਾ। ਕਿਸਾਨ ਸਿਖਲਾਈ ਕੈਂਪ ਵਿਚ ਵਿਸ਼ਾਲ ਸ਼ਰਮਾ ਖੇਤੀਬਾੜੀ ਵਿਸਥਾਰ ਅਫਸਰ, ਸਰਬਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ 80 ਤੋਂ ਵੱਧ ਕਿਸਾਨਾਂ ਵਲੋਂ ਭਾਗ ਲਿਆ ਗਿਆ।