ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਤਣਾਅ ਪ੍ਰਬੰਧਨ ਵਿਸ਼ੇ ’ਤੇ ਵਰਕਸ਼ਾਪ-ਕਮ-ਟ੍ਰੇਨਿੰਗ ਸੈਸ਼ਨ ਲਗਾਇਆ
ਬੰਗਾ, 31 ਅਕਤੂਬਰ (ਕਰਮ ਲਧਾਣਾ, ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਣਾਅ ਪ੍ਰਬੰਧਨ ਵਿਸ਼ੇ ’ਤੇ ਇਕ ਗਿਆਨਵਰਧਕ ਵਰਕਸ਼ਾਪ-ਕਮ-ਟ੍ਰੇਨਿੰਗ ਸੈਸ਼ਨ ਦਾ ਪ੍ਰਬੰਧ ਕੀਤਾ। ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ, ਭਾਵਨਾਤਮਕ ਸੰਤੁਲਨ ਬਣਾਈ ਰੱਖਣ ਅਤੇ ਨਿੱਜੀ ਤੇ ਪੇਸ਼ੇਵਰ ਜੀਵਨ ਵਿਚ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਬੰਗਾ, 31 ਅਕਤੂਬਰ (ਕਰਮ ਲਧਾਣਾ, ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਣਾਅ ਪ੍ਰਬੰਧਨ ਵਿਸ਼ੇ ’ਤੇ ਇਕ ਗਿਆਨਵਰਧਕ ਵਰਕਸ਼ਾਪ-ਕਮ-ਟ੍ਰੇਨਿੰਗ ਸੈਸ਼ਨ ਦਾ ਪ੍ਰਬੰਧ ਕੀਤਾ। ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ, ਭਾਵਨਾਤਮਕ ਸੰਤੁਲਨ ਬਣਾਈ ਰੱਖਣ ਅਤੇ ਨਿੱਜੀ ਤੇ ਪੇਸ਼ੇਵਰ ਜੀਵਨ ਵਿਚ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਾ. ਪਾਹੁਲ ਪਦਮ, ਵਿਭਾਗ ਸੰਚਾਰ ਕੌਸ਼ਲ ਨੇ ਸਰੋਤ ਮਾਹਿਰ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਵਿਚਾਰਾਂ ਤੇ ਤਜ਼ਰਬਿਆਂ ਨੂੰ ਭਾਗੀਦਾਰਾਂ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਡਾ. ਪਾਹੁਲ ਪਦਮ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਮਹੱਤਵਪੂਰਨ ਪਹਿਲਕਦਮੀ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਤਣਾਅ ਪ੍ਰਬੰਧਨ ਦਾ ਅਰਥ ਸਿਰਫ਼ ਤਣਾਅ ਨੂੰ ਖ਼ਤਮ ਕਰਨਾ ਨਹੀਂ, ਸਗੋਂ ਮੁਸ਼ਕਲ ਹਾਲਾਤਾਂ ਵਿਚ ਧੀਰਜ, ਆਤਮ-ਵਿਸ਼ਵਾਸ ਤੇ ਸਕਾਰਾਤਮਕ ਸੋਚ ਨਾਲ ਨਜਿੱਠਣਾ ਸਿੱਖਣਾ ਵੀ ਹੈ। ਉਨ੍ਹਾਂ ਕਿਹਾ ਕਿ ਅਸਲ ਅਨੁਸ਼ਾਸਨ ਸਿਰਫ਼ ਨਿਯਮਾਂ ਦੀ ਪਾਲਣਾ ਕਰਨਾ ਹੀ ਨਹੀਂ, ਸਗੋਂ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਵਿਵਹਾਰ ’ਤੇ ਕਾਬੂ ਰੱਖਣਾ ਵੀ ਹੈ। ਵਰਕਸ਼ਾਪ ਦੌਰਾਨ ਡਾ. ਪਾਹੁਲ ਪਦਮ ਨੇ ਤਣਾਅ ਦੇ ਵੱਖ-ਵੱਖ ਕਾਰਨਾਂ ਤੇ ਇਸ ਨਾਲ ਨਜਿੱਠਣ ਦੇ ਵਿਹਾਰਕ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੀ ਨੀਂਦ, ਨਿਯਮਤ ਸਰੀਰਕ ਕਸਰਤ ਤੇ ਸੰਤੁਲਿਤ ਖੁਰਾਕ ਨੂੰ ਸਿਹਤਮੰਦ ਜੀਵਨ-ਸ਼ੈਲੀ ਦਾ ਅਹਿਮ ਹਿੱਸਾ ਦੱਸਿਆ। ਅਧਿਆਪਕਾਂ ਲਈ ਇਹ ਸੈਸ਼ਨ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਰਿਹਾ, ਕਿਉਂਕਿ ਅਧਿਆਪਨ ਦੇ ਕਿੱਤੇ ਵਿਚ ਧੀਰਜ, ਸੰਵੇਦਨਸ਼ੀਲਤਾ, ਅਨੁਕੂਲਤਾ ਅਤੇ ਭਾਵਨਾਤਮਕ ਮਜ਼ਬੂਤੀ ਦੀ ਬਹੁਤ ਲੋੜ ਹੁੰਦੀ ਹੈ। ਪ੍ਰੋਗਰਾਮ ਦੇ ਅੰਤ ’ਚ ਡਾ. ਪਾਹੁਲ ਪਦਮ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।