ਐਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਕਰਵਾਇਆ ਖੇਡ ਮੇਲਾ ‘ਸਪੋਰਟੋਪੀਆ 2026’
ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਐਮ. ਆਰ ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਸਾਲਾਨਾ ਖੇਡ ਸਮਾਗਮ ‘ਸਪੋਰਟੋਪੀਆ 2026’ ਕਰਵਾਇਆ ਗਿਆ।
ਬਲਾਚੌਰ, 21 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਐਮ.ਆਰ ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਸਾਲਾਨਾ ਖੇਡ ਸਮਾਗਮ ‘ਸਪੋਰਟੋਪੀਆ 2026’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਰਸਰੀ ਤੋਂ ਯੂ.ਕੇ.ਜੀ ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਚੇਅਰਮੈਨ ਬਾਬੂ ਰਾਮਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਅਤੇ ਪ੍ਰਿੰਸੀਪਲ ਰਿਤੂ ਬਤਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਸਮਾਗਮ ਦਾ ਥੀਮ ‘ਰਨ, ਪਲੇਅ, ਸੈਲੀਬ੍ਰੇਟ’ ਦੇ ਜੋਸ਼ ਭਰੇ ਨਾਅਰੇ ’ਤੇ ਆਧਾਰਿਤ ਸੀ। ਡਾਇਰੈਕਟਰ ਸੁਮਿਤ ਚੌਧਰੀ ਦੇ ਸਵਾਗਤੀ ਸੰਦੇਸ਼ ਨੇ ਵਿਦਿਆਰਥੀਆਂ ਵਿੱਚ ਨਵਾਂ ਜੋਸ਼ ਭਰਿਆ ਅਤੇ ਉਹਨਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਹੋਂਸਲਾ ਅਫਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਟਾਰਚ ਰਿਲੇਅ ਅਤੇ ਰਸਮੀ ਉਦਘਾਟਨ ਰਾਹੀਂ ਖੇਡਾਂ ਦੇ ਜਜ਼ਬੇ ਨੂੰ ਪ੍ਰਜਵਲਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਮੈਡਮ ਮਾਨਸੀ ਤਿਆਗੀ ਪ੍ਰਿੰਸੀਪਲ ਐਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਅਤੇ ਮੈਡਮ ਸੁਰਿੰਦਰ ਕੌਰ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਨੂੰ ਚਾਰ ਚੰਨ ਲਗਾਏ। ਮੈਡਮ ਮਾਨਸੀ ਤਿਆਗੀ ਨੇ ਇਸ ਸਮਾਗਮ ਦੀ ਸ਼ਲਾਂਘਾ ਕੀਤੀ ਅਤੇ ਉਹਨਾਂ ਨੇ ਮਾਤਾ-ਪਿਤਾ ਨੂੰ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ। ਸਮਾਗਮ ਦੌਰਾਨ ਗੁਰੂ ਵੰਦਨਾ, ਸ਼ਿਵ ਸਤੋਤਰ ਅਤੇ ਗਣੇਸ਼ ਵੰਦਨਾ ਰਾਹੀਂ ਆਧਿਆਤਮਿਕ ਮਾਹੌਲ ਸਿਰਜਿਆ ਗਿਆ। ਨਰਸਰੀ ਤੋਂ ਯੂ.ਕੇ.ਜੀ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦੀ ਸ਼ਾਨਦਾਰ ਪਰੇਡ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੀ। ਬੱਚਿਆਂ ਦੀ ਇਕਸਾਰਤਾ , ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਡੰਬਲ ਫਿਟਨੈੱਸ ਡ੍ਰਿਲ, ਪਿਤਾਵਾਂ ਲਈ ਰੱਸਾਕੱਸੀ ਮੁਕਾਬਲਾ, ਅੰਤਿਮ ਐਥਲੈਟਿਕ ਦੌੜਾਂ, ਯੂ.ਕੇ.ਜੀ ਦੀ ਐਰੋਬਿਕ ਪੇਸ਼ਕਾਰੀ ਅਤੇ ਮਾਵਾਂ ਲਈ ਮਿਊਜ਼ੀਕਲ ਚੇਅਰ ਮੁਕਾਬਲੇ ਕਰਵਾਏ ਗਏ। ਐਲ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਫਿਊਜ਼ਨ ਪੇਸ਼ਕਾਰੀ ਨੇ ਸਮਾਗਮ ਨੂੰ ਹੋਰ ਵੀ ਰੰਗਾਰੰਗ ਬਣਾ ਦਿੱਤਾ। ਮਾਪਿਆਂ ਦੀ ਸਰਗਰਮ ਭਾਗੀਦਾਰੀ ਨੇ ਇਸ ਖੇਡ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਅਤੇ ਸਨਮਾਨਾਂ ਨਾਲ ਨਿਵਾਜਿਆ ਗਿਆ। ਗ੍ਰੈਂਡ ਫਿਨਾਲੇ, ਧੰਨਵਾਦੀ ਭਾਸ਼ਣ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸ਼ਾਨਦਾਰ ਸਮਾਪਤੀ ਹੋਈ। ‘ਸਪੋਰਟੋਪੀਆ 2026’ ਵਿਦਿਆਰਥੀਆਂ ਦੀ ਪ੍ਰਤਿਭਾ, ਖੇਡ ਭਾਵਨਾ ਅਤੇ ਆਤਮ-ਵਿਸ਼ਵਾਸ ਨੂੰ ਉਭਾਰਨ ਦਾ ਇੱਕ ਸੁੰਦਰ ਮੰਚ ਸਾਬਤ ਹੋਇਆ। ਇਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ, ਸਿਹਤਮੰਦ ਜੀਵਨ ਅਤੇ ਉੱਜਵਲ ਭਵਿੱਖ ਦੀ ਨੀਂਹ ਹਨ। ਸਕੂਲ ਪ੍ਰਬੰਧਕਾਂ ਨੇ ਸਮਾਗਮ ਦੀ ਸਫ਼ਲਤਾ ਲਈ ਕੋਆਰਡੀਨੇਟਰ ਜਸਪ੍ਰੀਤ, ਪੂਨਮ, ਨੀਰੂ ਸ਼ਰਮਾ, ਅਧਿਆਪਕਾਂ, ੲੈਵੈਂਟ ਮੈਨੇਜ਼ਮੈਂਟ ਟੀਮ, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਦੀ ਭਰਪੂਰ ਸ਼ਲਾਂਘਾ ਕੀਤੀ। ਇਸ ਮੌਕੇ ਸਾਰਿਆਂ ਨੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਸੰਕਲਪ ਲਿਆ।