ਫ਼ਤਹਿਗੜ੍ਹ ਸਾਹਿਬ, 3 ਜਨਵਰੀ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਚੋਅ ਦੇ ਕਿਨਾਰੇ 'ਤੇ ਕਰੱਸ਼ ਬੈਰੀਅਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ 'ਤੇ ਕਿ ਇਲਾਕਾ ਨਿਵਾਸੀਆਂ ਨੇ ਵਿਧਾਇਕ ਰਾਏ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿਚ ਪੰਜਾਬ ਸਰਕਾਰ ਵਲੋਂ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਇਸੇ ਲੜੀ ਦੇ ਤਹਿਤ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰ. 3 'ਚੋਂ ਲੰਘਦੇ ਚੋਅ ਦੇ ਕਿਨਾਰੇ 'ਤੇ ਕਰੀਬ 50 ਲੱਖ ਰੁਪਏ ਦੀ ਲਾਗਤ ਦੇ ਨਾਲ ਕਰੱਸ਼ ਬੈਰੀਅਰ ਲਗਾਇਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਹਮੇਸ਼ਾ ਹੀ ਇਹ ਸਮੱਸਿਆ ਬਣੀ ਰਹਿੰਦੀ ਸੀ ਕਿ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ | ਧੁੰਦ ਦੇ ਦਿਨਾਂ ਦੌਰਾਨ ਸ਼ਹੀਦੀ ਜੋੜ ਮੇਲ 'ਤੇ ਆਉਣ ਵਾਲੀ ਸੰਗਤ ਇਸੇ ਰਸਤੇ ਤੋਂ ਜਾਂਦੀ ਹੈ, ਜਿਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਪੈਂਦੇ ਸਨ | ਇਨ੍ਹਾਂ ਬੈਰੀਅਰ ਦੇ ਲੱਗਣ ਨਾਲ ਸੁਰੱਖਿਆ ਪੱਖੋਂ ਮਜ਼ਬੂਤੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਦਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫਲ, 'ਆਪ' ਆਗੂ ਤੇ ਸਰਪੰਚ ਕੁਲਵਿੰਦਰ ਸਿੰਘ ਡੇਰਾ, ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਬਲਾਕ ਸੰਮਤੀ ਮੈਂਬਰ ਸਤਵੀਰ ਸਿੰਘ ਨੰਬਰਦਾਰ, ਪਿ੍ਤਪਾਲ ਸਿੰਘ ਜੱਸੀ, 'ਆਪ' ਆਗੂ ਰਮੇਸ਼ ਕੁਮਾਰ ਸੋਨੂੰ, ਪਵੇਲ ਹਾਂਡਾ, ਰੁਪਿੰਦਰ ਸਿੰਘ ਜੱਲ੍ਹਾ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ, ਐਡਵੋਕੇਟ ਰਾਹੁਲ ਸ਼ਰਮਾ, ਜੌਨੀ ਤਲਾਣੀਆਂ ਆਦਿ ਵੀ ਹਾਜ਼ਰ ਸਨ |