29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਸਰਹਿੰਦ ਸ਼ਹਿਰ ਨਿਵਾਸੀ

Ad Position 21
No active advertisement
ਅਜੀਤ ਡੈਸਕ 07-01-2026
ਫ਼ਤਹਿਗੜ੍ਹ ਸਾਹਿਬ,6 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਸਰਹਿੰਦ ਸ਼ਹਿਰ ਵਿਚ ਪਾਣੀ ਦੀ ਟੈਂਕੀ ਦੇ ਨਿਰਮਾਣ ਸਬੰਧੀ ਨੀਂਹ ਪੱਥਰ ਰੱਖਣ ਦੇ ਬਾਵਜੂਦ ਕੰਮ ਸ਼ੁਰੂ ਨਾ ਕੀਤੇ ਜਾਣ ਦੇ ਰੋਸ ਵਜੋਂ ਰੋਹ ਭਰਿਆ ਵਿਖਾਵਾ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ,ਤਰਲੋਕ ਸਿੰਘ ਬਾਜਵਾ ਅਤੇ ਗੁਰਵਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ,ਕਿਉਂਕਿ ਸਰਹਿੰਦ ਸ਼ਹਿਰ ਦੇ ਚਾਰ ਵਾਰਡਾਂ ਵਿਚ ਪਾਣੀ ਦੀ ਟੈਂਕੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਸਿੱਧੀ ਟਿਊਬਵੈੱਲ ਤੋਂ ਹੁੰਦੀ ਹੈ, ਇਸ ਤੋਂ ਇਲਾਵਾ ਕਈ ਖੇਤਰ ਉੱਚਾਈ 'ਤੇ ਹੋਣ ਕਰਕੇ ਉੱਥੇ ਪਾਣੀ ਨਿਯਮਤ ਤੌਰ 'ਤੇ ਸਪਲਾਈ ਨਹੀਂ ਹੁੰਦੀ, ਜਿਸ ਕਾਰਨ ਸ਼ਹਿਰਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ 18 ਨਵੰਬਰ 2016 ਨੂੰ ਸਰਹਿੰਦ ਨਗਰ ਕੌਂਸਲ ਦੀ ਮੀਟਿੰਗ ਵਿਚ ਪਾਣੀ ਦੀ ਟੈਂਕੀ ਦੇ ਨਿਰਮਾਣ ਲਈ ਇਕ ਮਤਾ ਵੀ ਪਾਸ ਕੀਤਾ ਗਿਆ ਸੀ , ਜਿਸ ਵਿਚ ਇਕ ਲੱਖ ਗੈਲਨ ਟੈਂਕ ਦੇ ਨਿਰਮਾਣ ਲਈ 70.54 ਲੱਖ ਰੁਪਏ ਦਾ ਐਸਟੀਮੇਟ ਤਿਆਰ ਕਰਕੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਭੇਜਿਆ ਗਿਆ ਸੀ | ਪ੍ਰੰਤੂ ਸਬੰਧਿਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ |
ਇਸ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਨੇ ਬੋਰਡ ਅਧਿਕਾਰੀਆਂ ਨੂੰ ਕਈ ਪੱਤਰ ਵੀ ਲਿਖੇ ਅਤੇ ਕੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਸੀ, ਪ੍ਰੰਤੂ ਸਤੰਬਰ 2019 ਤੱਕ ਕੋਈ ਕੰਮ ਸ਼ੁਰੂ ਨਾ ਹੋਣ ਤੋਂ ਬਾਅਦ ਸਮਾਜ ਸੇਵਕ ਗੁਰਵਿੰਦਰ ਸਿੰਘ ਵਲੋਂ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਗਿਆ ਅਤੇ 10 ਅਕਤੂਬਰ 2024 ਨੂੰ ਬੋਰਡ ਦੇ ਅਧਿਕਾਰੀਆਂ ਨੇ ਅਦਾਲਤ ਵਿਚ 2 ਲੱਖ ਗੈਲਨ ਦੀ ਟੈਂਕੀ ਤੁਰੰਤ ਉਸਾਰੀ ਲਈ ਸਹਿਮਤੀ ਦਿੱਤੀ | ਜਿਸ ਸਬੰਧੀ ਇਕ ਹੋਰ ਨਵਾਂ ਐਸਟੀਮੇਟ ਇਕ ਕਰੋੜ ਰੁਪਏ ਤੋਂ ਵੱਧ ਨਿਰਧਾਰਿਤ ਕੀਤਾ ਗਿਆ ਸੀ ਪਰ ਫਿਰ ਵੀ ਕੰਮ ਸ਼ੁਰੂ ਨਾ ਹੋਣ ਕਰਕੇ ਸਥਾਨਕ ਨਿਵਾਸੀਆਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ ਗਈ | ਇਸਤੋਂ ਬਾਅਦ 4 ਅਗਸਤ 2025 ਨੂੰ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਦੇ ਨਾਲ ਸਰਹਿੰਦ ਸ਼ਹਿਰ ਵਿਚ 5.68 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ ਵਿਚ ਟੈਂਕੀ ਦੀ ਉਸਾਰੀ ਵੀ ਸ਼ਾਮਿਲ ਸੀ | ਇਹ ਪ੍ਰੋਜੈਕਟ ਅੱਠ ਮਹੀਨਿਆਂ ਦੇ ਅੰਦਰ ਪੂਰਾ ਹੋਣ ਦਾ ਸਮਾਂ ਨਿਰਧਾਰਤ ਸੀ | ਪਰ ਨੀਂਹ ਪੱਥਰ ਰੱਖਣ ਦੇ ਲਗਪਗ ਪੰਜ ਮਹੀਨੇ ਬੀਤਣ ਤੋਂ ਬਾਅਦ ਵੀ ਕੰਮ ਅਜੇ ਤੱਕ ਵੀ ਸ਼ੁਰੂ ਨਹੀਂ ਹੋਇਆ | ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਟੈਂਕੀ ਦਾ ਜਲਦ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਨਿਯਮਤ ਤੌਰ 'ਤੇ ਪੀਣ ਯੋਗ ਪਾਣੀ ਦੀ ਸਪਲਾਈ ਨਿਰਵਿਘਨ ਮਿਲ ਸਕੇ | ਇਸ ਮੌਕੇ ਹਰਪਾਲ ਸਿੰਘ, ਧਰਮਿੰਦਰ ਕੁਮਾਰ, ਧਰਮਪਾਲ, ਬਲਵੀਰ ਸਿੰਘ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ | ਓਧਰ ਜਦੋਂ ਪਾਣੀ ਦੀ ਟੈਂਕੀ ਦੇ ਨਿਰਮਾਣ ਕਾਰਜ ਵਿਚ ਦੇਰੀ ਹੋਣ ਸਬੰਧੀ ਸੀਵਰੇਜ ਬੋਰਡ ਦੇ ਐਸ.ਡੀ.ਓ ਰਜਨੀਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਟੈਂਕੀ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ | ਇਸ ਨੂੰ ਅਗਲੇ ਦੋ ਹਫ਼ਤਿਆਂ ਵਿਚ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਉਸਾਰੀ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ ਖ਼ਤਮ ਕਰਕੇ 'ਵੀ.ਬੀ. ਜੀ ਰਾਮ ਜੀ' ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਰਿਜ਼ਕ 'ਤੇ ਹਮਲਾ... ਅਗਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਕੋਰਟ ਕੰਪਲੈਕਸ 'ਚ ਚਲਾਇਆ ਤਲਾਸ਼ੀ ਅਭਿਆਨ
Ad Position 24