29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮਨਰੇਗਾ ਕਾਨੂੰਨ ਖ਼ਤਮ ਕਰਕੇ 'ਵੀ.ਬੀ. ਜੀ ਰਾਮ ਜੀ' ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਰਿਜ਼ਕ 'ਤੇ ਹਮਲਾ ਕੀਤੈ-ਡੀ.ਐੱਮ.ਐੱਫ਼

Ad Position 21
No active advertisement
ਅਜੀਤ ਡੈਸਕ 07-01-2026
ਫ਼ਤਹਿਗੜ੍ਹ ਸਾਹਿਬ, 6 ਜਨਵਰੀ (ਬਲਜਿੰਦਰ ਸਿੰਘ)-ਡੈਮੋਕਰੈਟਿਕ ਮਨਰੇਗਾ ਫ਼ਰੰਟ ਪੰਜਾਬ ਵਲੋਂ ਅੱਜ ਐੱਸ.ਡੀ.ਐੱਮ. ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਮਨਰੇਗਾ ਖ਼ਤਮ ਕਰਕੇ 'ਵੀ.ਬੀ. ਜੀ ਰਾਮ ਜੀ' ਨਵਾਂ ਕਾਨੂੰਨ ਬਣਾਉਣ 'ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ | ਮਨਰੇਗਾ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਐੱਮ.ਐਫ਼ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਭੰਗੂਆਂ, ਸੁਰਿੰਦਰ ਕੌਰ ਸਿੰਧੜਾ, ਸੁਖਵਿੰਦਰ ਕੌਰ ਬਲਾੜੀ ਕਲਾਂ, ਜ਼ਿਲ੍ਹਾ ਪਟਿਆਲਾ ਤੋਂ ਸੁਨੀਤਾ ਰਾਣੀ ਕੈਦੂਪੁਰ, ਬਲਾਕ ਪ੍ਰਧਾਨ ਖਮਾਣੋਂ ਮਲਕੀਤ ਸਿੰਘ ਮੀਰਪੁਰ, ਆਈ.ਡੀ.ਪੀ. ਆਗੂ ਮਨਪ੍ਰੀਤ ਕੌਰ ਰਾਜਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ 'ਵੀ.ਬੀ. ਜੀ ਰਾਮ ਜੀ' ਬਣਾ ਕੇ ਗ਼ਰੀਬ ਲੋਕਾਂ ਦੇ ਰਿਜ਼ਕ 'ਤੇ ਵੱਡਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿਚ ਰਾਜਾਂ ਦਾ ਹਿੱਸਾ 10 ਤੋਂ ਵਧਾ ਕੇ 40 ਫ਼ੀਸਦੀ ਕਰਕੇ ਫੈਡਰਲਿਜ਼ਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ | ਆਗੂਆਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਦੇਸ਼ ਦੇ ਹਰ ਮਜ਼ਦੂਰ ਨੂੰ 100 ਦਿਨ ਦੇ ਰੁਜ਼ਗਾਰ ਦਾ ਕਾਨੂੰਨੀ ਹੱਕ ਦਿੰਦਾ ਹੈ | ਨਵੇਂ ਕਾਨੂੰਨ ਨੇ ਇਹ ਹੱਕ ਮਜ਼ਦੂਰਾਂ ਤੋਂ ਖੋਹ ਲਿਆ ਹੈ | ਮਨਰੇਗਾ ਵਰਕਰਾਂ ਨੇ ਮੰਗ ਕੀਤੀ ਕਿ 'ਜੀ ਰਾਮ ਜੀ' ਨੂੰ ਤੁਰੰਤ ਵਾਪਸ ਲਿਆ ਜਾਵੇ | ਇਸ ਮੌਕੇ ਇਕੱਠੇ ਹੋਏ ਮਨਰੇਗਾ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਰੁਲਦੂ ਸਿੰਘ, ਜਸਬੀਰ ਸਿੰਘ ਮਾਰਵਾ, ਮਨਪ੍ਰੀਤ ਕੌਰ ਨੂਰਪੁਰਾ, ਜਸਪ੍ਰੀਤ ਕੌਰ ਬਾਲਪੁਰ, ਮਨਜੀਤ ਕੌਰ ਸਰਕੱਪੜਾ ਅਤੇ ਬਲਜੀਤ ਸਿੰਘ ਮੇਨ ਮਾਲਵਾ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਨਵੀਂ ਸਿੱਖਿਆ ਨੀਤੀ ਤਹਿਤ ਲਗਪਗ ਖ਼ਤਮ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਬਿਜਲੀ ਬਿੱਲ, ਸੀਡ ਬਿਲ, ਡੈਮ ਸੇਫ਼ਟੀ ਬਿੱਲ, ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨ, 25 ਲੇਬਰ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ ਵਿਚ ਬਦਲਣ, ਪਾਣੀ ਦਾ ਪ੍ਰਦੂਸ਼ਣ ਕਰਨ ਵਾਲਿਆਂ ਨੂੰ ਸਜ਼ਾ ਖ਼ਤਮ ਕਰਕੇ ਕੇਵਲ ਜੁਰਮਾਨੇ ਤੱਕ ਸੀਮਤ ਕਰਨ, ਧਾਰਾ 370 ਨੂੰ ਖ਼ਤਮ ਕਰਕੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੀ ਰਾਖੀ ਕਰਦੀ ਆ ਰਹੀ ਹੈ | ਇਸ ਮੌਕੇ ਮਨਰੇਗਾ ਵਰਕਰਾਂ ਨੇ ਐੱਸ.ਡੀ.ਐੱਮ ਫ਼ਤਹਿਗੜ੍ਹ ਸਾਹਿਬ ਦੇ ਕਿਸੇ ਵੀ ਅਧਿਕਾਰੀ ਵਲੋਂ ਮੰਗ ਪੱਤਰ ਪ੍ਰਦਰਸ਼ਨਕਾਰੀਆਂ ਵਿਚ ਆ ਕੇ ਨਾ ਲੈਣ 'ਤੇ ਨਿਖੇਧੀ ਕੀਤੀ | ਜਿਸ ਮਗਰੋਂ ਪ੍ਰਦਰਸ਼ਨਕਾਰੀ ਮਨਰੇਗਾ ਵਰਕਰਾਂ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਵਾਲਾ ਆਪਣਾ ਮੰਗ ਪੱਤਰ ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਦਰਖ਼ਤ ਨਾਲ ਟੰਗ ਦਿੱਤਾ | ਆਗੂਆਂ ਨੇ ਸੱਥਾਂ 'ਚੋਂ ਸਰਕਾਰ ਚਲਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਦੇ ਤਾਨਾਸ਼ਾਹੀ ਵਿਵਹਾਰ ਦੀ ਨਿਖੇਧੀ ਵੀ ਕੀਤੀ | ਇਸ ਮੌਕੇ ਹੰਸ ਰਾਜ ਹਰਨਾ, ਧਰਮ ਪਾਲ ਸਲੇਮਪੁਰ, ਗੁਰਦੀਪ ਸਿੰਘ ਮਾਰਵਾ ਸਮੇਤ ਵੱਡੀ ਗਿਣਤੀ ਵਿਚ ਮਨਰੇਗਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ ਦੇ 68 ਸਾਲਾ ਅਥਲੀਟ ਲਗਾਤਾਰ 40 ਜਿੱਤਾਂ ਮੈਰਾਥਨ 'ਚ ਪ੍ਰਾਪਤ ਕਰਕੇ ਨੌਜਵਾਨਾਂ ਨੂੰ ਦੇ ਰਹੇ ਹਨ ਮਾਤ ਅਗਲੀ ਖ਼ਬਰ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਸਰਹਿੰਦ ਸ਼ਹਿਰ ਨਿਵਾਸੀ
Ad Position 24