ਫ਼ਤਹਿਗੜ੍ਹ ਸਾਹਿਬ, 6 ਫਰਵਰੀ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਚ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੇਸ਼ ਭਗਤ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਹਸਪਤਾਲ ਵਿਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗਰੁੱਪ ਮੀਟਿੰਗਾਂ ਕਰਕੇ ਕੈਂਸਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸ.ਐੱਮ.ਓ. ਡਾ. ਬੇਦੀ ਨੇ ਕਿਹਾ ਕਿ ਕੈਂਸਰ ਸਬੰਧੀ ਸਮੇਂ ਸਿਰ ਸਤਰਕ ਹੋਣਾ ਕੈਂਸਰ ਕੰਟਰੋਲ ਦੀ ਕੂੰਜੀ ਹੈ, ਕਿਉਂਕਿ ਕੈਂਸਰ ਦਾ ਮੁੱਢਲੀ ਸਟੇਜ 'ਤੇ ਪਤਾ ਲੱਗਣ ਤੇ ਇਸ ਦਾ ਇਲਾਜ ਕਰਨਾ ਸੌਖਾ ਅਤੇ ਸੰਭਵ ਹੈ | ਉਨ੍ਹਾਂ ਕੈਂਸਰ ਦੇ ਲੱਛਣ, ਇਸ ਤੋਂ ਬਚਾਅ ਅਤੇ ਇਸ ਨੰੂ ਕਾਬੂ ਵਿਚ ਰੱਖਣ ਸਬੰਧੀ ਨੁਕਤਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਕੈਂਸਰ ਤੋਂ ਬਚਣ ਲਈ ਤੰਬਾਕੂ, ਗੁਟਕਾ, ਬੀੜੀ, ਸਿਗਰਟ, ਸ਼ਰਾਬ ਅਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ | ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੰਪਨ ਅਤਰੀ, ਮਾਈਕਰੋਬਾਇਲੋਜਿਸਟ ਡਾ. ਯੋਗਿਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਬੀ.ਸੀ.ਸੀ. ਅਮਰਜੀਤ ਸਿੰਘ, ਨਰਸਿੰਗ ਸਿਸਟਰ ਜਸਪਾਲ ਕੌਰ, ਨਰਸਿੰਗ ਟਿਊਟਰ ਮੀਨੂੰ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ |