ਸੰਘੋਲ, 6 ਫ਼ਰਵਰੀ (ਗੁਰਨਾਮ ਸਿੰਘ ਚੀਨਾ)-ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 7 ਫ਼ਰਵਰੀ ਨੂੰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਦੀ 28ਵੀਂ ਅਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ 11ਵੀਂ ਸਾਲਾਨਾ ਨਿੱਘੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਭੋਰਾ ਸਾਹਿਬ ਪਿੰਡ ਧਿਆਨੂੰ ਮਾਜਰਾ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਪਹੁੰਚ ਕੇ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ ਲਗਵਾਈ ਜਾਵੇ | ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਤੋਂ ਉਪਰੰਤ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ, ਬੀਬੀ ਦਲਜਿੰਦਰ ਕੌਰ ਧਿਆਨੂੰ ਮਾਜਰਾ, ਬਾਬਾ ਅਮਰੀਕ ਸਿੰਘ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਗੁਰੂ ਇਤਿਹਾਸ ਤੇ ਗੁਰਬਾਣੀ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ | ਸਮਾਗਮ ਦੌਰਾਨ ਜਲੇਬੀਆਂ ਸਮੇਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ |