ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ 'ਪੰਜਾਬ ਤੇ ਸਿੱਖੀ, ਅਵਾਸ ਅਤੇ ਪਰਵਾਸ ਦੇ ਸਰੋਕਾਰ' ਵਿਸ਼ੇ ਨਾਲ ਸਬੰਧਿਤ ਕਰਵਾਈ ਗਈ ਤਿੰਨ ਰੋਜਾ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਸਫਲਤਾਪੂਰਵਕ ਸਮਾਪਤ ਹੋ ਗਈ | ਆਖ਼ਰੀ ਦਿਨ ਦੋ ਇਜਲਾਸ ਹੋਏ | ਡਾ. ਸਿਕੰਦਰ ਸਿੰਘ ਡੀਨ ਭਾਸ਼ਾਵਾਂ ਮੁਖੀ ਪੰਜਾਬੀ ਵਿਭਾਗ ਨੇ ਵਿਦਵਾਨਾਂ ਦਾ ਸਵਾਗਤ ਕੀਤਾ | ਪਹਿਲੇ ਇਜਲਾਸ ਵਿਚ ਪ੍ਰੋ. ਰਣਜੀਤ ਸਿੰਘ ਘੁੰਮਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਪਰਵਾਸ ਦੇ ਸਕਾਰਾਤਮਿਕ ਪੱਖ ਦੀ ਗੱਲ ਕੀਤੀ | ਉਨ੍ਹਾਂ ਪਰਵਾਸ ਦੇ ਪਿਛੋਕੜ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਰਵਾਸ ਦੇ ਹੱਲ ਵਿਅਕਤੀਗਤ ਤੌਰ 'ਤੇ ਨਹੀਂ ਸਗੋਂ ਸਿਸਟਮ ਨੂੰ ਹੀ ਹੰਭਲਾ ਮਾਰਨਾ ਪਵੇਗਾ | ਡਾ. ਗੁਰਪ੍ਰੀਤ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਰਵਾਸ ਨੂੰ ਸੁਭਾਅ ਦਾ ਹਿੱਸਾ ਮੰਨਦਿਆਂ ਬਾਜ਼ਾਰ ਦੇ ਪ੍ਰਭਾਵ, ਸਕੂਲੀ ਅਤੇ ਉੱਚ ਸਿੱਖਿਆ ਦੀ ਸਥਿਤੀ ਦੀ ਗੱਲ ਆਖੀ | ਉਨ੍ਹਾਂ 'ਸਿੱਖਣ ਲਈ ਆਓ ਸੇਵਾ ਲਈ ਜਾਓ' 'ਤੇ ਜ਼ੋਰ ਦਿੰਦਿਆਂ ਵਰਤਮਾਨ ਵਿਚ ਦਰਪੇਸ਼ ਮਸਲਿਆਂ ਦੀ ਗੱਲ ਰੱਖੀ | ਡਾ. ਹਰਨੀਤ ਬਿਲਿੰਗ ਸਿੱਖਿਆ ਵਿਭਾਗ, ਡਾ. ਹਰਪ੍ਰੀਤ ਕੌਰ ਪੰਜਾਬੀ ਵਿਭਾਗ, ਡਾ. ਰਮਨਦੀਪ ਕੌਰ ਰਾਜਨੀਤੀ ਸ਼ਾਸਤਰ ਵਿਭਾਗ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਦੂਜੇ ਇਜਲਾਸ ਵਿਚ ਤਿੰਨ ਵਿਦਵਾਨਾਂ ਨੇ ਹਿੱਸਾ ਲਿਆ | ਡਾ. ਖੁਸ਼ਵਿੰਦਰ ਕੁਮਾਰ ਖ਼ਾਲਸਾ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਨੇ 'ਪੰਜਾਬ ਵਿਚ ਅਵਾਸ ਪ੍ਰਤੀ ਭਾਵਨਾ ਦੀਆਂ ਸਮਾਜੀ, ਰਾਜਸੀ ਅਤੇ ਮਨੋਵਿਗਿਆਨਕ ਪਰਤਾਂ', ਪ੍ਰੋ. ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਬਾਹਰੀ ਅਤੇ ਅੰਦਰੂਨੀ ਪਰਵਾਸ ਵਿਚ ਘਿਰਿਆ ਪੰਜਾਬ, ਆਪਣੀ-ਧਰਤੀ ਅਤੇ ਹੋਂਦ ਦੀ ਪੁਨਰ-ਤਲਾਸ਼, ਪੰਜਾਬ ਦੇ ਅਵਾਸ-ਪਰਵਾਸ ਸਰੋਕਾਰ', ਡਾ. ਸੇਵਕ ਸਿੰਘ ਸਿੱਖ ਚਿੰਤਕ ਸ੍ਰੀ ਆਨੰਦਪੁਰ ਸਾਹਿਬ ਨੇ 'ਪੰਜਾਬ ਦਾ ਅਵਾਸ-ਪਰਵਾਸ, ਧਾਰਮਿਕ-ਸੱਭਿਆਚਾਰਕ ਵਿਰਾਸਤ ਦੇ ਫੈਲਣ-ਸੁੰਗੜਨ ਦੀਆਂ ਧਾਰਨਾਵਾਂ' ਵਿਸ਼ੇ ਦੇ ਪ੍ਰਸੰਗ ਵਿਚ ਆਪਣੀ ਗੱਲ ਰੱਖੀ | ਡਾ. ਸਿਕੰਦਰ ਸਿੰਘ ਨੇ ਵਿਦਵਾਨਾਂ, ਅਧਿਆਪਕਾਂ, ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਕਾਨਫ਼ਰੰਸ ਦਾ ਸੰਚਾਲਨ ਡਾ. ਚਰਨਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਪੰਜਾਬੀ ਵਿਭਾਗ ਵਲੋਂ ਕ੍ਰਮਵਾਰ ਕੀਤਾ ਗਿਆ | ਪ੍ਰੋਗਰਾਮ ਦੌਰਾਨ ਡਾ. ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ, ਡਾ. ਹਰਨੀਤ ਬਿਲਿੰਗ ਮੁਖੀ ਸਿੱਖਿਆ ਵਿਭਾਗ, ਡਾ. ਰਮਨਦੀਪ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ. ਰੁਪਿੰਦਰ ਪਾਲ ਸਿੰਘ, ਮੁਖੀ ਭੋਜਨ ਤਕਨੀਕ ਵਿਭਾਗ, ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਬਿਬੇਕਗੜ੍ਹ, ਰਣਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ |