ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਮਨਪ੍ਰੀਤ ਸਿੰਘ)-ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਫ਼ਤਹਿਗੜ੍ਹ ਸਾਹਿਬ ਡੀ.ਐਸ.ਪੀ ਇੰਦਰਪ੍ਰੀਤ ਸਿੰਘ ਬਡੂੰਗਰ ਨੇ ਦਾਅਵਾ ਕੀਤਾ ਕਿ ਜੁਗਾੜੂ ਵਾਹਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨ ਕਿਸੇ ਮਾਨਤਾ ਪ੍ਰਾਪਤ ਕੰਪਨੀ ਦੁਆਰਾ ਨਹੀਂ ਬਣਾਏ ਜਾਂਦੇ, ਜਿਸ ਕਾਰਨ ਇਨ੍ਹਾਂ ਦੀ ਬਣਤਰ ਸੜਕੀ ਸੁਰੱਖਿਆ ਦੇ ਮਿਆਰਾਂ 'ਤੇ ਖਰੀ ਨਹੀਂ ਉੱਤਰਦੀ | ਇਹ ਵਾਹਨ ਅਕਸਰ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਸ ਵਿਚ ਨਾ ਸਿਰਫ਼ ਚਾਲਕ ਸਗੋਂ ਸੜਕ 'ਤੇ ਚੱਲਣ ਵਾਲੇ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਜੁਗਾੜੂ ਵਾਹਨ ਮੋਟਰ ਵਹੀਕਲ ਐਕਟ ਦੇ ਤਹਿਤ ਰਜਿਸਟਰਡ ਨਹੀਂ ਹੁੰਦੇ, ਜਿਸ ਕਾਰਨ ਇਨ੍ਹਾਂ ਨੂੰ ਸੜਕਾਂ 'ਤੇ ਚਲਾਉਣਾ ਗੈਰ-ਕਾਨੂੰਨੀ ਹੈ | ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਜ਼ਿਲ੍ਹੇ ਵਿਚ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਇਸੇ ਲੜੀ ਤਹਿਤ ਸਰਹਿੰਦ ਜੀ.ਟੀ ਰੋਡ ਵਿਖੇ ਜੁਗਾੜੂ ਵਾਹਨ ਚਾਲਕਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਚਾਲਕਾਂ ਨੂੰ ਸੜਕੀ ਸੁਰੱਖਿਆ ਦੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਇੰਸਪੈਕਟਰ ਸੁਰਿੰਦਰ ਕੁਮਾਰ, ਥਾਣੇਦਾਰ ਰਾਜਵੰਤ ਸਿੰਘ ਅਤੇ ਸਹਾਇਕ ਥਾਣੇਦਾਰ ਕਪਿਲ ਕੁਮਾਰ ਵੀ ਮੌਜੂਦ ਸਨ |