ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵਿਖੇ 21 ਫਰਵਰੀ ਨੂੰ ਰੱਖੇ ਚੜ੍ਹਦੀਕਲਾ ਪੰਥਕ ਸਮਾਗਮ ਵਿਚ ਸਮੁੱਚੇ ਖਾਲਸਾ ਪੰਥ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ | ਸ. ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂ ਪੰਜਾਬ ਅੱਗੇ ਅਤਿ ਗੰਭੀਰ ਮਸਲੇ ਖੜ੍ਹੇ ਹਨ, ਜਿਨ੍ਹਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀ ਹਕੂਮਤ ਵਲੋਂ ਹੱਲ ਕਰਨ ਵਿਚ ਅਜੇ ਤੱਕ ਕੋਈ ਦਿਲਚਸਪੀ ਨਹੀਂ ਵਿਖਾਈ ਗਈ, ਜਿਵੇਂ ਕਿ 35-35 ਸਾਲਾਂ ਤੋਂ ਜਬਰੀ ਗੈਰ ਕਾਨੂੰਨੀ ਬੰਦੀ ਬਣਾ ਕੇ ਰੱਖੇ ਗਏ ਸਿੱਖਾਂ ਨੂੰ ਰਿਹਾਅ ਨਾ ਕਰਨਾ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਵਾਲੇ 1909 ਵਿਚ ਬਣੇ 'ਆਨੰਦ ਮੈਰਿਜ' ਐਕਟ ਨੂੰ ਬਹਾਲ ਨਾ ਕਰਨ ਤੋਂ ਇਲਾਵਾ ਪੰਜਾਬ ਨਾਲ ਸਬੰਧਿਤ ਅਨੇਕਾਂ ਮਾਲੀ, ਸਿਆਸੀ, ਭੂਗੋਲਿਕ, ਧਾਰਮਿਕ ਮਸਲਿਆਂ ਨੂੰ ਜਾਣਬੁੱਝ ਕੇ ਲਟਕਾ ਕੇ ਰੱਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਸਿੱਖ ਕੌਮ ਦੇ ਵੱਖ-ਵੱਖ ਧੜਿਆਂ ਅਤੇ ਸਿਆਸੀ ਜਮਾਤਾਂ ਵਲੋਂ ਆਪੋ ਆਪਣੇ ਪੱਧਰ 'ਤੇ ਪੰਜਾਬ ਤੇ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ, ਜ਼ਬਰ-ਜ਼ੁਲਮ ਦਾ ਅੰਤ ਕਰਨ ਲਈ ਲੜਾਈ ਲੜੀ ਜਾ ਰਹੀ ਹੈ, ਪ੍ਰੰਤੂ ਖ਼ਾਲਸਾ ਪੰਥ ਦੀ ਅਸੀਮਿਤ ਸ਼ਕਤੀ ਨੂੰ ਜਦੋਂ ਤੱਕ ਇਕ ਨਿਸ਼ਾਨ ਅਤੇ ਕੌਮੀ ਮਿਸ਼ਨ ਥੱਲ੍ਹੇ ਇਕ ਪਲੇਟਫ਼ਾਰਮ 'ਤੇ ਇਕੱਤਰ ਕਰਕੇ ਦਿ੍ੜ੍ਹਤਾ ਨਾਲ ਸੰਘਰਸ਼ ਨੂੰ ਅੱਗੇ ਨਹੀਂ ਵਧਾਇਆ ਜਾਂਦਾ | ਉਦੋਂ ਤੱਕ ਕੇਂਦਰ ਅਤੇ ਪੰਜਾਬ ਵਿਚ ਰਾਜ ਭਾਗ ਕਰਨ ਵਾਲੀਆਂ ਜਮਾਤਾਂ ਨੂੰ ਅਸੀਂ ਭਾਂਜ ਦੇਣ ਵਿਚ ਸਫਲ ਨਹੀਂ ਹੋ ਸਕਾਂਗੇ |