ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਮਰਹੂਮ ਊਧਮ ਸਿੰਘ ਮੈਨੇਜਰ ਦੀ ਯਾਦ ਨੂੰ ਸਮਰਪਿਤ ਯਾਦਗਾਰੀ ਸਨਮਾਨ ਸਮਾਗਮ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਅਤੇ ਪਰਿਵਾਰਕ ਮੈਂਬਰਾਂ ਦੇ ਸਾਂਝੇ ਉਪਰਾਲੇ ਨਾਲ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ | ਸਮਾਗਮ ਵਿਚ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਕਵੀ, ਲੇਖਕ, ਵਿਦਵਾਨ, ਅਧਿਆਪਕ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਮਰਹੂਮ ਸ਼ਖ਼ਸੀਅਤ ਨੂੰ ਨਮਨ ਕੀਤਾ | ਸਮਾਗਮ ਦਾ ਕੇਂਦਰੀ ਪੱਖ, ਪ੍ਰਸਿੱਧ ਲੇਖਕਾ ਪਰਮਜੀਤ ਪਰਮ, ਹਰਜਿੰਦਰ ਸਿੰਘ ਗੋਪਾਲੋਂ, ਬਚਨ ਸਿੰਘ ਗੁਰਮ ਅਤੇ ਅਵਤਾਰ ਸਿੰਘ ਪੁਆਰ ਦਾ ਸਨਮਾਨ ਰਿਹਾ | ਹਰ ਲੇਖਕ ਦਾ ਸਨਮਾਨ ਪੱਤਰ ਪੜ੍ਹ ਕੇ ਉਨ੍ਹਾਂ ਦੀਆਂ ਸਾਹਿਤਕ ਉਪਲਬਧੀਆਂ ਨੂੰ ਰੌਸ਼ਨ ਕੀਤਾ ਗਿਆ | ਇਸ ਉਪਰੰਤ ਸਨਮਾਨਿਤ ਲੇਖਕਾਂ ਨੇ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਖ਼ੂਬ ਸਰਾਹਨਾ ਮਿਲੀ ਅਤੇ ਮਾਹੌਲ ਸਾਹਿਤਕ ਰੰਗ ਵਿਚ ਰੰਗਿਆ ਰਿਹਾ | ਇਹ ਯਾਦਗਾਰੀ ਸਨਮਾਨ ਸਮਾਗਮ ਸਿਰਫ਼ ਇਕ ਰਸਮੀ ਕਾਰਜਕ੍ਰਮ ਨਾ ਹੋ ਕੇ, ਸ. ਊਧਮ ਸਿੰਘ ਮੈਨੇਜਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਮੁੱਲਾਂ ਨੂੰ ਨਮਨ ਕਰਨ ਵਾਲਾ ਇਕ ਪ੍ਰੇਰਕ ਉਪਰਾਲਾ ਸਾਬਤ ਹੋਇਆ, ਜਿਸ ਨੇ ਸਾਹਿਤਕ ਮਾਹੌਲ ਨੂੰ ਹੋਰ ਮਜ਼ਬੂਤੀ ਬਖ਼ਸ਼ੀ | ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਆਗਮਨ ਅਤੇ ਰਸਮੀ ਸਵਾਗਤ ਨਾਲ ਹੋਈ | ਪਰਿਵਾਰ ਵਲੋਂ ਮਰਹੂਮ ਊਧਮ ਸਿੰਘ ਮੈਨੇਜਰ ਦੇ ਵੱਡੇ ਭਰਾ ਗੁਰਦੇਵ ਸਿੰਘ (ਕੈਨੇਡਾ), ਸੇਵਾ ਮੁਕਤ ਐਕਸੀਅਨ, ਪੰਜਾਬ ਰਾਜ ਬਿਜਲੀ ਬੋਰਡ ਨੇ ਸਵਾਗਤੀ ਸ਼ਬਦ ਪੇਸ਼ ਕਰਦੇ ਹੋਏ ਊਧਮ ਸਿੰਘ ਦੇ ਸਾਦਗੀਪੂਰਨ ਜੀਵਨ, ਇਮਾਨਦਾਰੀ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਯਾਦ ਕੀਤਾ | ਉਨ੍ਹਾਂ ਕਿਹਾ ਕਿ ਊਧਮ ਸਿੰਘ ਸਿਰਫ਼ ਇਕ ਪ੍ਰਬੰਧਕ ਹੀ ਨਹੀਂ ਸਗੋਂ ਇਕ ਸੱਜਣ-ਸੁਭਾਅ, ਮਿਲਣਸਾਰ ਅਤੇ ਸਾਹਿਤ-ਪ੍ਰੇਮੀ ਇਨਸਾਨ ਸਨ, ਜਿਨ੍ਹਾਂ ਨੇ ਹਮੇਸ਼ਾ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹਿਤ ਕੀਤਾ | ਲਾਲ ਮਿਸਤਰੀ ਅਤੇ ਪਿ੍ੰਸੀਪਲ ਜਲੌਰ ਸਿੰਘ ਖੀਵਾ (ਮੋਰਿੰਡਾ ਸਾਹਿਤ ਸਭਾ) ਨੇ ਕਿਹਾ ਕਿ ਊਧਮ ਸਿੰਘ ਦਾ ਯੋਗਦਾਨ ਸਿਰਫ਼ ਸੰਸਥਾਗਤ ਪ੍ਰਬੰਧਨ ਤੱਕ ਸੀਮਿਤ ਨਹੀਂ ਸੀ, ਬਲਕਿ ਉਹ ਸਾਹਿਤਕ ਸਰਗਰਮੀਆਂ ਦੇ ਪ੍ਰੇਰਕ ਅਤੇ ਸਹਿਯੋਗੀ ਵੀ ਰਹੇ | ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਹਿਤਕ ਮੰਚਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਮਰਹੂਮ ਊਧਮ ਸਿੰਘ ਦੀ ਧਰਮ-ਪਤਨੀ ਅਤੇ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਸਮਾਗਮ ਵਿਚ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਵਿਅਕਤੀਆਂ ਦਾ ਨਹੀਂ, ਸਗੋਂ ਪੂਰੇ ਸਾਹਿਤਕ ਪਰਿਵਾਰ ਦਾ ਸਨਮਾਨ ਹੈ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ ਉਨ੍ਹਾਂ ਦੀ ਕੋਈ ਪਛਾਣ ਬਣੀ ਹੈ ਤਾਂ ਉਹ ਕੇਵਲ ਉਨ੍ਹਾਂ ਦੇ ਜੀਵਨ ਸਾਥੀ ਊਧਮ ਸਿੰਘ ਮੈਨੇਜਰ ਸਦਕਾ ਹੀ ਬਣੀ ਹੈ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਪਿ੍ਤਪਾਲ ਸਿੰਘ ਜੱਸੀ, ਮੁੱਖ ਵਕਤਾ ਕਰਨੈਲ ਸਿੰਘ ਪੀਰ ਮੁਹੰਮਦ, ਮੁੱਖ ਮਹਿਮਾਨ ਦਿਲਮੇਘ ਸਿੰਘ ਖੱਟੜਾ ਅਤੇ ਪ੍ਰਧਾਨ ਦਰਸ਼ਨ ਬੁੱਟਰ ਨੇ ਆਪਣੇ ਪ੍ਰੇਰਕ ਸੰਬੋਧਨਾਂ ਵਿਚ ਊਧਮ ਸਿੰਘ ਦੇ ਵਿਅਕਤਿਤਵ ਦੇ ਵੱਖ-ਵੱਖ ਪੱਖਾਂ 'ਤੇ ਚਾਨਣ ਪਾਇਆ | ਇਸ ਮੌਕੇ ਮੁੱਖ ਵਕਤਾ, ਵਿਸ਼ੇਸ਼ ਮਹਿਮਾਨ, ਮੁੱਖ ਮਹਿਮਾਨ ਅਤੇ ਸਮਾਗਮ ਦੇ ਪ੍ਰਧਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਨਗਰ ਸੈਂਪਲੀ ਵਲੋਂ ਕਰਮਿੰਦਰ ਸਿੰਘ ਤੇ ਤਰਲੋਚਨ ਕੌਰ ਨੇ ਆਪਣੇ ਪਿੰਡ ਦੀ ਧੀ ਪਰਮਜੀਤ ਕੌਰ ਸਰਹਿੰਦ ਦਾ ਮਾਣ ਸਨਮਾਨ ਇੱਕ ਸਨਮਾਨ ਪੱਤਰ, ਸ਼ਾਲ ਤੇ ਨਕਦ ਰਾਸ਼ੀ ਨਾਲ ਕੀਤਾ ਤੇ ਪਰਮਜੀਤ ਕੌਰ ਸਰਹਿੰਦ ਦੇ ਪੋਤਰੇ ਪੂਨਮ ਪ੍ਰਤੀਕ ਸਿੰਘ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ-ਨਾਲ ਪੋਤਰੀ ਸਾਹਿਬ ਸਬਾਬ ਕੌਰ, ਨੂੰਹ ਰੁਪਿੰਦਰ ਜੀਤ ਕੌਰ ਰਵੀ ਅਤੇ ਧੀਆਂ ਸੰਦੀਪ ਕੌਰ ਤੇ ਮਨਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਬੀਬੀ ਪਰਮਜੀਤ ਕੌਰ ਸਰਹਿੰਦ ਵਲੋਂ ਧੰਨਵਾਦੀ ਸ਼ਬਦ ਪੇਸ਼ ਕੀਤੇ ਗਏ | ਉਨ੍ਹਾਂ ਸਮਾਗਮ ਦੀ ਸਫ਼ਲਤਾ ਲਈ ਸਭ ਮਹਿਮਾਨਾਂ, ਲੇਖਕਾਂ, ਸਹਿਯੋਗੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ | ਸਾਂਝੀ ਯਾਦਗਾਰੀ ਤਸਵੀਰ ਅਤੇ ਦੁਪਹਿਰ ਦੇ ਭੋਜਨ ਨਾਲ ਸਮਾਗਮ ਸੁਖਦ ਅਤੇ ਯਾਦਗਾਰ ਸੰਪੂਰਨਤਾ 'ਤੇ ਪੁੱਜਿਆ | ਪੰਜਾਬੀ ਸਾਹਿਤ ਸਭਾ, ਅਮਲੋਹ ਦੇ ਕੋਆਰਡੀਨੇਟਰ ਮਿਹਰ ਸਿੰਘ ਰਾਈਏਵਾਲ,ਖੰਨਾ ਲਿਖਾਰੀ ਸਭਾ ਦੇ ਕੋਆਰਡੀਨੇਟਰ ਸਨੇਹਇੰਦਰ ਸਿੰਘ ਮੀਲੂ, ਮੋਰਿੰਡਾ ਸਾਹਿਤ ਸਭਾ ਤੋਂ ਗੁਰਨਾਮ ਸਿੰਘ ਬਿਜਲੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਾਮਲ ਹੋਏ | ਇਸ ਮੌਕੇ ਤੇ ਕਰਮਿੰਦਰ ਸਿੰਘ, ਹਰਸਹਿਜ ਕੌਰ, ਮੇਜਰ ਕੁਰੈਸ਼ੀ, ਪ੍ਰਵੀਨ ਕੁਰੈਸ਼ੀ, ਰਵਿੰਦਰ ਕੌਰ, ਪਰਮਿੰਦਰ ਕੌਰ, ਤਰਲੋਚਨ ਸਿੰਘ, ਸੁਰਿੰਦਰ ਕੌਰ, ਬਲਬੀਰ ਕੌਰ, ਰਮਨਜੀਤ ਕੌਰ,ਸਤਪਾਲ ਸਿੰਘ ਪਮੌਰ, ਅਮਰਜੀਤ ਕੌਰ, ਪ੍ਰੇਮਜੀਤ ਕੌਰ ਤੇ ਗੁਰਮੀਤ ਕੌਰ, ਜਸਵੀਰ ਕੌਰ ਜੱਸੀ, ਜੈਮਲ ਸਿੰਘ ਖਾਲਸਾ, ਜਸਪਾਲ ਕੌਰ ਤੇ ਜਸਵੰਤ ਕੌਰ, ਗੁਰਦੀਪ ਕੌਰ, ਗੁਰਨੇਕ ਸਿੰਘ ਕੈਨੇਡਾ, ਡਾ. ਮਨਦੀਪ ਕੌਰ, ਰਿਧਮ, ਅਜਮੇਰ ਸਿੰਘ ਮਾਨ, ਬਲਤੇਜ ਸਿੰਘ ਬਠਿੰਡਾ, ਜਸ਼ਨ ਮੱਟੂ, ਅਮਰਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਢੀਂਡਸਾ ਵੀ ਸ਼ਾਮਿਲ ਸਨ |