04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੁਨਰ ਸੁਰਜੀਤ ਨੂੰ ਆਖਿਆ ਅਲਵਿਦਾ

Ad Position 21
No active advertisement
ਅਜੀਤ ਡੈਸਕ 24-02-2026
ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਲਈ ਸਰਗਰਮੀ ਨਾਲ ਸੇਵਾਵਾਂ ਨਿਭਾਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ | ਜਥੇਦਾਰ ਪੰਜੋਲੀ ਨੇ ਪਾਰਟੀ ਪ੍ਰਧਾਨ ਨੂੰ ਸੰਬੋਧਨ ਹੁੰਦਿਆਂ ਸ਼ੋਸਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ ਵਿਚ ਦੱਸਿਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਭਰਤੀ ਕੀਤੀ ਸੀ ਅਤੇ ਉਨ੍ਹਾਂ ਨੂੰ ਸਟੇਟ ਡੈਲੀਗੇਟ ਚੁਣਿਆ ਗਿਆ ਸੀ | ਡੈਲੀਗੇਟ ਦੀ ਭੂਮਿਕਾ ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਹੀ ਹੁੰਦੀ ਹੈ, ਜਿਸ ਨੂੰ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਨਿਭਾਇਆ | ਜਥੇਦਾਰ ਪੰਜੋਲੀ ਨੇ ਕਿਹਾ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪਾਰਟੀ ਵਲੋਂ ਉਨ੍ਹਾਂ ਦੀ ਕਿਸੇ ਵੀ ਪਲੇਟਫ਼ਾਰਮ 'ਤੇ ਕੋਈ ਡਿਊਟੀ ਨਹੀਂ ਲਗਾਈ ਗਈ | ਉਨ੍ਹਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂਅ ਲਏ ਵਗੈਰ ਕਿਹਾ ਕਿ ਪਾਰਟੀ ਵਿਚ ਕੁਝ ਇਹੋ-ਜਿਹੇ ਬੰਦੇ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਮੇਰਾ ਜਾਤੀ, ਜਮਾਤੀ ਅਤੇ ਸਮਾਜਿਕ ਤੌਰ 'ਤੇ ਬਹੁਤ ਨੁਕਸਾਨ ਕੀਤਾ ਅਤੇ ਲਗਾਤਾਰ ਕਰ ਵੀ ਰਹੇ ਹਨ | ਇਨ੍ਹਾਂ ਬੰਦਿਆਂ ਦੀ ਬਦੌਲਤ ਮੈਨੂੰ ਆਰਥਿਕ ਤੌਰ 'ਤੇ ਬਹੁਤ ਨੁਕਸਾਨ ਵੀ ਝੱਲਣਾ ਪਿਆ | ਇਸ ਸਭ ਕੁੱਝ ਦੇ ਬਾਵਜੂਦ ਮੈਂ ਪੰਥਕ ਅਤੇ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਕੇ ਬਹੁਤ ਕੁੱਝ ਬਰਦਾਸ਼ਤ ਕੀਤਾ, ਪਰ 22 ਫਰਵਰੀ ਨੂੰ ਵਾਪਰੀ ਇਕ ਘਟਨਾ ਨੇ ਮੈਨੂੰ ਪਾਰਟੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੇਰੇ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ, ਜਿਸ ਤੋਂ ਉਹ ਅਸਤੀਫ਼ਾ ਦਿੰਦੇ | ਇਸ ਲਈ ਅੱਜ ਤੋਂ ਬਾਅਦ ਮੈਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਨਾ ਸਮਝਿਆ ਜਾਵੇ | ਜ਼ਿਕਰਯੋਗ ਹੈ ਕਿ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਰਟੀ ਅੰਦਰ ਹਲਚਲ ਪੈਦਾ ਹੋ ਗਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਗਠਨ ਤੋਂ ਪਹਿਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸਰਗਰਮੀ ਨਾਲ ਸੇਵਾਵਾਂ ਨਿਭਾਉਣ ਵਾਲੇ ਕੁਝ ਸਰਗਰਮ ਆਗੂਆਂ ਨੇ ਅਹੁਦੇਦਾਰਾਂ ਦਾ ਐਲਾਨ ਹੋਣ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ, ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਵੀ ਹਨ | ਹਾਲਾਂਕਿ ਉਨ੍ਹਾਂ ਵਿਅਕਤੀਆਂ ਨੇ ਕਿਸੇ ਹੋਰ ਪਾਰਟੀ ਵੱਲ ਰੁੱਖ਼ ਨਹੀਂ ਕੀਤਾ, ਪਰ ਉਨ੍ਹਾਂ ਦੀ ਚੁੱਪੀ ਨਾਲ ਪਾਰਟੀ ਨੂੰ ਵੀ ਨੁਕਸਾਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਗਵਤ ਕਥਾ ਸਬੰਧੀ ਸ਼ੋਭਾ ਯਾਤਰਾ ਕੱਲ੍ਹ ਅਗਲੀ ਖ਼ਬਰ ਪੁਲਿਸ ਚੌਂਕੀ ਬੁੱਗਾ ਕਲਾਂ ਦੇ ਇੰਚਾਰਜ ਤਰਨਜੀਤ ਸਿੰਘ ਸਬ ਇੰਸਪੈਕਟਰ ਬਣੇ
Ad Position 24