ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਲੋਂ ਬੀ.ਏ (ਆਨਰਜ਼) ਜੇ.ਐਮ.ਸੀ-1 ਦੇ ਵਿਦਿਆਰਥੀਆਂ ਲਈ ਇਕ ਬਹਿਸ ਮੁਕਾਬਲਾ 'ਓਰੇਟਰਸ ਅਖਾੜਾ' ਆਯੋਜਿਤ ਕੀਤਾ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਮੌਜੂਦਾ ਮਾਮਲਿਆਂ ਅਤੇ ਸਮਾਜਿਕ ਮੁੱਦਿਆਂ 'ਤੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ | ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉਸਾਰੂ ਮੁਕਾਬਲੇ ਨਾ ਸਿਰਫ਼ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਹਾਰਕ ਗਿਆਨ ਵਿਚ ਵਾਧਾ ਕਰਦੇ ਹਨ, ਸਗੋਂ ਉਨ੍ਹਾਂ ਵਿਚ ਦੇਸ਼ ਅਤੇ ਦੁਨੀਆ ਵਿਚ ਮੌਜੂਦਾ ਘਟਨਾਵਾਂ ਬਾਰੇ ਪੜ੍ਹਨ ਦੀ ਦਿਲਚਸਪੀ ਵੀ ਪੈਦਾ ਕਰਦੇ ਹਨ | ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਨੇ ਵਿਦਿਆਰਥੀਆਂ ਦੇ ਸੰਚਾਰ ਹੁਨਰ ਨੂੰ ਨਿਖਾਰਨ, ਉਨ੍ਹਾਂ ਦੇ ਆਮ ਗਿਆਨ ਨੂੰ ਵਧਾਉਣ ਅਤੇ ਖ਼ਬਰਾਂ ਦਾ ਸਹੀ ਵਿਸ਼ਲੇਸ਼ਣ ਕਰਨ ਲਈ ਉਨ੍ਹਾਂ ਦੀ ਆਲੋਚਨਾਤਮਿਕ ਸੋਚ ਨੂੰ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਸਮਾਗਮ ਦੀ ਕੋਆਰਡੀਨੇਟਰ ਰੰਜੀਤਾ ਸ਼ਰਮਾ ਨੇ ਵਿਦਿਆਰਥੀਆਂ ਦੇ ਸੰਚਾਰ ਹੁਨਰ ਨੂੰ ਵਧਾਉਣ ਲਈ ਅਜਿਹੇ ਮੁਕਾਬਲਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਮੁਕਾਬਲਿਆਂ ਵਿਚ ਸਹਿਜਪ੍ਰੀਤ ਕੌਰ, ਕਿ੍ਸ਼ਨਾ, ਰਮਨਦੀਪ ਸਿੰਘ ਵੈਦੇਹੀ, ਦਲਜੀਤ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਭਜੋਤ ਕੌਰ ਸਮੇਤ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਫੈਕਲਟੀ ਮੈਂਬਰ ਭਗਵੰਤ ਸਿੰਘ, ਲਵਨੀਤ ਵਸ਼ਿਸ਼ਠ, ਨਾਦੀਸ਼, ਅਮਨਦੀਪ ਕੌਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ |