ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਅੱਠ ਯੋਗ ਵਿਦਿਆਰਥੀਆਂ ਨੂੰ ਯੂ.ਜੀ.ਸੀ. ਨੈੱਟ ਪ੍ਰੀਖਿਆ ਵਿਚ ਸਫ਼ਲ ਹੋਣ 'ਤੇ ਸਨਮਾਨਿਤ ਕਰਕੇ ਵਧਾਈ ਦਿੱਤੀ ਗਈ | ਇਹ ਪ੍ਰਾਪਤੀ ਉਨ੍ਹਾਂ ਨੂੰ ਅਸਿਸਟੈਂਟ ਪ੍ਰੋਫੈਸਰਸ਼ਿਪਪ, ਪੀ.ਐਚ. ਡੀ ਦਾਖਲੇ ਅਤੇ ਕੁਝ ਮਾਮਲਿਆਂ 'ਚ ਜੂਨੀਅਰ ਰਿਸਰਚ ਫੈਲੋਸ਼ਿਪ ਲਈ ਯੋਗ ਬਣਾਉਂਦੀ ਹੈ | ਸਫਲ ਵਿਦਿਆਰਥੀਆਂ ਵਿਚ ਲਵਪ੍ਰੀਤ ਕੌਰ (ਇਤਿਹਾਸ), ਅਰਸ਼ਦੀਪ ਸਿੰਘ, ਜਸਪ੍ਰੀਤ ਕੌਰ (ਸਿੱਖਿਆ), ਮਨਵੀਰ ਕੌਰ (ਕਾਮਰਸ ਐਂਡ ਮੈਨੇਜਮੈਂਟ), ਰਾਮ ਲਾਲ ਯਾਦਵ, ਨੇਹਾ ਤੇ ਕਾਜਲ (ਫਿਜ਼ੀਕਲ ਐਜੂਕੇਸ਼ਨ) ਅਤੇ ਜਸਪ੍ਰੀਤ ਕੌਰ (ਅੰਗਰੇਜ਼ੀ) ਸ਼ਾਮਿਲ ਹਨ | ਇਸ ਮੌਕੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਵਧਾਈ ਦਿੱਤੀ ਗਈ | ਡਾ. ਪਰਿਤਪਾਲ ਸਿੰਘ ਨੇ ਯੂ.ਜੀ.ਸੀ. ਨੈੱਟ ਪ੍ਰੀਖਿਆ ਵਿਚ ਸਫਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਯੂਨੀਵਰਸਿਟੀ ਦੀ ਵਿੱਦਿਅਕ ਉੱਤਮਤਾ ਪ੍ਰਤੀ ਵਚਨਬੱਧਤਾ ਅਤੇ ਨੌਜਵਾਨਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਰਾਹੀਂ ਸਸ਼ਕਤ ਕਰਨ ਦੇ ਮਿਸ਼ਨ ਦਾ ਪ੍ਰਤੀਬਿੰਬ ਹੈ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖ਼ਾਸ ਗੱਲ ਇਹ ਹੈ ਕਿ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਬਿਨਾਂ ਕਿਸੇ ਬਾਹਰੀ ਕੋਚਿੰਗ ਦੇ ਯੂ.ਜੀ.ਸੀ. ਨੈੱਟ ਪਾਸ ਕਰਦੇ ਹਨ, ਜੋ ਯੂਨੀਵਰਸਿਟੀ ਦੇ ਆਪਣੇ ਕੈਂਪਸ ਵਾਲੇ ਵਿੱਦਿਅਕ ਪ੍ਰਣਾਲੀ ਦੀ ਮਜ਼ਬੂਤੀ ਤੇ ਪਹੁੰਚ ਨੂੰ ਦਰਸਾਉਂਦੇ ਹਨ |