ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਅੰਤਰ-ਵਿਭਾਗੀ ਸੁੰਦਰ, ਸ਼ੁੱਧ ਲਿਖਤੀ ਮੁਕਾਬਲਾ ਅਤੇ ਕਾਵਿ-ਉਚਾਰਨ ਮੁਕਾਬਲਾ ਕਰਵਾਇਆ ਗਿਆ | ਸੁੰਦਰ ਤੇ ਸ਼ੁੱਧ ਲਿਖਤੀ ਵਿਚ 40 ਅਤੇ ਕਾਵਿ-ਉਚਾਰਨ ਮੁਕਾਬਲੇ ਵਿਚ 41 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਮਾਂ-ਬੋਲੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਸਾਡੀ ਸਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹੈ ਅਤੇ ਇਸ ਰਾਹੀਂ ਅਸੀਂ ਆਪਣੀ ਇਤਿਹਾਸਿਕ ਧਰੋਹਰ ਤੇ ਰਿਵਾਇਤਾਂ ਨਾਲ ਜੁੜੇ ਰਹਿੰਦੇ ਹਾਂ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਨਾਲ ਪਿਆਰ ਕਰਨ, ਇਸ ਦੀ ਸੰਭਾਲ ਤੇ ਪ੍ਰਚਾਰ ਲਈ ਯਤਨਸ਼ੀਲ ਰਹਿਣ ਅਤੇ ਇਸ ਰਾਹੀਂ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਸਬੰਧੀ ਪ੍ਰੇਰਿਤ ਕੀਤਾ | ਕਾਲਜ ਦੇ ਵਾਈਸ ਪਿੰ੍ਰਸੀਪਲ ਡਾ. ਬਿਕਰਮਜੀਤ ਸਿੰਘ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਸੁਹਿਰਦ ਹੋਣ ਅਤੇ ਮਾਤ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਰਵਾਏ ਸੁੰਦਰ ਤੇ ਸ਼ੁੱਧ ਲਿਖਤੀ ਮੁਕਾਬਲੇ ਵਿਚ ਬੀ.ਐੱਸ.ਸੀ. ਆਨਰਜ਼ ਕੈਮਿਸਟਰੀ ਭਾਗ ਪਹਿਲਾ ਦੀ ਲਵਜੋਤ ਕੌਰ, ਬੀ.ਏ. ਭਾਗ ਤੀਜਾ ਦੀ ਮਿਲਨਦੀਪ ਕੌਰ, ਬੀ.ਐੱਸ.ਸੀ. ਆਨਰਜ਼ ਏ.ਆਈ. ਅਤੇ ਡੀ.ਐੱਸ. ਭਾਗ ਦੂਸਰਾ ਦੀ ਅੰਜਨੀ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਪ੍ਰਕਾਰ ਕਾਵਿ-ਉਚਾਰਨ ਮੁਕਾਬਲੇ ਵਿਚ ਐਮ.ਏ. ਅਰਥ-ਸ਼ਾਸਤਰ ਭਾਗ ਪਹਿਲਾ ਦੇ ਹਰਮਨਪ੍ਰੀਤ ਸਿੰਘ, ਬੀ.ਏ. ਆਨਰਜ਼ ਸੋਸ਼ਲ ਸਾਇੰਸਜ਼ ਭਾਗ ਦੂਸਰਾ ਦੀ ਗੁਰਨੂਰ ਕੌਰ ਅਤੇ ਬੀ.ਕਾਮ. ਭਾਗ ਪਹਿਲਾ ਦੀ ਜਸਮੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਮੁਕਾਬਲੇ ਦੀ ਜੱਜਮੈਂਟ ਅੰਗਰੇਜ਼ੀ ਵਿਭਾਗ ਦੇ ਪ੍ਰੋ. ਹਰਬੀਰ ਕੌਰ ਅਤੇ ਪੰਜਾਬੀ ਵਿਭਾਗ ਦੇ ਪ੍ਰੋ. ਸੁਖਵਿੰਦਰ ਸਿੰਘ ਨੇ ਕੀਤੀ | ਸਟੇਜ ਸੰਚਾਲਕ ਦੀ ਭੂਮਿਕਾ ਐਮ.ਏ. ਪੰਜਾਬੀ ਭਾਗ ਦੂਸਰਾ ਦੀ ਵਿਦਿਆਰਥਣ ਅਤੇ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਪਵਨਦੀਪ ਕੌਰ ਨੇ ਬਾਖ਼ੂਬੀ ਨਿਭਾਈ | ਪੰਜਾਬੀ ਵਿਭਾਗ ਦੇ ਪ੍ਰੋ. ਜਸ਼ਨਪ੍ਰੀਤ ਕੌਰ ਨੇ ਸਮਾਗਮ ਦੇ ਅਖੀਰ ਵਿਚ ਧੰਨਵਾਦ ਦਾ ਮਤਾ ਪੇਸ਼ ਕੀਤਾ | ਇਸ ਮੌਕੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ, ਪੰਜਾਬੀ ਵਿਭਾਗ ਦੇ ਡਾ. ਰਿਤੂ ਰਾਣੀ, ਡਾ. ਹਰਮਨਪ੍ਰੀਤ ਸਿੰਘ, ਡਾ. ਰੁਪਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਰਣਬੀਰ ਕੌਰ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਸ਼ਹਿਜੀਤ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ |