ਬਸੀ ਪਠਾਣਾਂ, 24 ਫਰਵਰੀ (ਐਚ.ਐਸ.ਗੌਤਮ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਖਾਣ ਵਾਲੇ ਤੇਲ ਮਿਸ਼ਨ ਤਹਿਤ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਅੱਜ ਪਿੰਡ ਮਾਰਵਾ ਵਿਖੇ ਕਿਸਾਨ ਫ਼ੀਲਡ ਸਕੂਲ ਅਤੇ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ | ਸਮਾਗਮ ਦੌਰਾਨ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਭਨੋਹੜ ਨੇ ਕਿਹਾ ਕਿ ਦੇਸ਼ ਵਿਚ ਖਾਣ ਵਾਲੇ ਤੇਲਾਂ ਦੀ ਘਰੇਲੂ ਉਤਪਾਦਨ ਵਧਾਉਣ ਲਈ ਤੇਲ ਬੀਜਾਂ ਦੀ ਕਾਸ਼ਤ ਵਿਚ ਵਾਧਾ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਗਪਗ 35 ਲੱਖ ਰੁਪਏ ਦੀ ਲਾਗਤ ਨਾਲ ਮਿੱਟੀ ਜਾਂਚ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਹੁਣ ਦੂਰ ਨਹੀਂ ਜਾਣਾ ਪਵੇਗਾ ਅਤੇ ਜ਼ਿਲ੍ਹੇ ਵਿਚ ਹੀ ਮਿੱਟੀ ਦੀ ਜਾਂਚ ਕਰਵਾ ਕੇ ਸਹੀ ਖਾਦ ਸਿਫ਼ਾਰਸ਼ ਪ੍ਰਾਪਤ ਕੀਤੀ ਜਾ ਸਕਦੀ ਹੈ | ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਨਿਰਮਲ ਸਿੰਘ ਨੇ ਫ਼ਸਲ ਪ੍ਰਬੰਧਨ ਬਾਰੇ ਵਿਸਥਾਰ ਨਾਲ ਦੱਸਿਆ | ਡਾ. ਅਜੇ ਕੁਮਾਰ ਨੇ ਘਰੇਲੂ ਬਗੀਚੀ ਦੀ ਮਹੱਤਤਾ ਉਜਾਗਰ ਕੀਤੀ ਅਤੇ ਸਬਜ਼ੀ ਬੀਜਾਂ ਦੀ ਵੰਡ ਕੀਤੀ | ਰਿਟਾਇਰਡ ਜੁਆਇੰਟ ਡਾਇਰੈਕਟਰ ਖੇਤੀਬਾੜੀ ਬਲਦੇਵ ਸਿੰਘ ਨੇ ਗੰਨੇ ਤੋਂ ਗੁੜ ਤਿਆਰ ਕਰਨ ਦੀ ਵਿਧੀ ਅਤੇ ਵਾਤਾਵਰਨ ਸੰਭਾਲ ਲਈ ਦਰਖ਼ਤ ਲਗਾਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖੇਤੀ ਵਿਕਾਸ ਅਫ਼ਸਰ ਬੂਟਾ ਸਿੰਘ ਅਤੇ ਪੂਜਾ ਧੀਮਾਨ ਵੀ ਮੌਜੂਦ ਰਹੇ | ਸਮਾਗਮ ਦੌਰਾਨ ਕਿਸਾਨਾਂ ਨੂੰ ਇਕਿ੍ਤ ਕੀਟ ਪ੍ਰਬੰਧਨ ਕਿੱਟਾਂ ਵੀ ਵੰਡੀਆਂ ਗਈਆਂ ਤਾਂ ਜੋ ਫ਼ਸਲ ਨੂੰ ਕੀਟਾਂ ਤੋਂ ਬਚਾਉਂਦੇ ਹੋਏ ਰਸਾਇਣਿਕ ਦਵਾਈਆਂ ਦੀ ਅਤਿ ਵਰਤੋਂ ਘਟਾਈ ਜਾ ਸਕੇ | ਕੈਂਪ ਵਿਚ ਪਿੰਡ ਮਾਰਵਾ ਤੋਂ ਇੰਦਰਪ੍ਰੀਤ ਸਿੰਘ, ਪ੍ਰਗਟ ਸਿੰਘ, ਪਿੰਡ ਦੇਦੜਾ ਤੋਂ ਸਾਬਕਾ ਸਰਪੰਚ ਅਵਤਾਰ ਸਿੰਘ, ਮਾਸਟਰ ਕੌਰ ਸਿੰਘ, ਜਗਦੀਸ਼ ਸਿੰਘ ਲੂਲੋ, ਬੂਟਾ ਸਿੰਘ ਗੰਢੂਆਂ, ਕਲੌੜ ਤੋਂ ਜਸਪਾਲ ਸਿੰਘ, ਜਗੀਰ ਸਿੰਘ, ਗੁਰਮੀਤ ਸਿੰਘ, ਫ਼ਤਹਿਪੁਰ ਜੱਟਾਂ ਅਤੇ ਭਗਵੰਤ ਸਿੰਘ ਢੋਲੇਵਾਲ ਸਮੇਤ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਨੇ ਭਰਵੀਂ ਹਾਜ਼ਰੀ ਭਰੀ | ਅੰਤ ਵਿਚ ਕੇਹਰ ਸਿੰਘ ਕੰਗ ਵਲੋਂ ਕਿਸਾਨਾਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ |