ਅਮਲੋਹ, 26 ਫਰਵਰੀ (ਕੇਵਲ ਸਿੰਘ)-28 ਫਰਵਰੀ ਨੂੰ ਬਰਨਾਲਾ ਵਿਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਮਿੰਟੂ ਅਤੇ ਸੀਨੀਅਰ ਆਗੂ ਜੱਗੀ ਬੜੈਚਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਰੈਲੀ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ ਅਤੇ ਮਨਰੇਗਾ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ | ਆਗੂਆਂ ਨੇ ਕਿਹਾ ਕਿ ਹਲਕਾ ਅਮਲੋਹ ਅੰਦਰ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਰੈਲੀ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਰੈਲੀ ਦੀ ਕਾਮਯਾਬੀ ਲਈ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਲੋਕ ਸ਼ਿਰਕਤ ਕਰਨਗੇ ਅਤੇ ਇਹ ਰੈਲੀ ਇਕੱਠ ਵਜੋਂ ਇਤਿਹਾਸ ਸਿਰਜੇਗੀ |