ਅਮਲੋਹ, 5 ਮਾਰਚ (ਕੇਵਲ ਸਿੰਘ, ਅੰਮਿ੍ਤ ਸਿੰਘ ਸ਼ੇਰਗਿੱਲ)-ਸਥਾਨਕ ਪੰਚਾਇਤ ਸੰਮਤੀ ਦੇ ਦਫ਼ਤਰ ਵਿਚ ਅੱਜ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਦੀ ਦੇਖ ਰੇਖ ਹੇਠਾਂ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਈ ਚੋਣ ਵਿਚ ਰਣਜੀਤ ਸਿੰਘ ਪਨਾਗ ਨੂੰ ਚੇਅਰਮੈਨ ਅਤੇ ਸਿਮਰਨਪ੍ਰੀਤ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ | ਇਸ ਚੋਣ ਸਬੰਧੀ ਐਸ.ਡੀ.ਐਮ. ਵਾਲੀਆ ਨੇ ਗੱਲ ਕਰਨ 'ਤੇ ਦੱਸਿਆ ਇਸ ਸੰਮਤੀ ਵਿਚ ਕੁਲ 17 ਮੈਂਬਰ ਹਨ, ਜਿਨ੍ਹਾਂ 'ਚੋਂ 14 ਮੈਂਬਰ ਹਾਜ਼ਰ ਸਨ | ਜਿਨ੍ਹਾਂ ਨੇ ਪੂਰਨ ਇਕਮੱਤ ਹੁੰਦਿਆਂ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕੀਤੀ | ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਚੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੜਿੰਗ ਨੇ ਕਿਹਾ ਕਿ ਅੱਜ ਦੀ ਚੋਣ ਪੂਰੀ ਤਰ੍ਹਾਂ ਸਰਬਸੰਮਤੀ ਨਾਲ ਨੇਪਰੇ ਚੜ੍ਹੀ ਹੈ | ਉਨ੍ਹਾਂ ਭਰੋਸਾ ਜਿਤਾਇਆ ਕਿ ਨਵੀਂ ਚੁਣੀ ਗਈ ਟੀਮ ਪਿੰਡਾਂ ਦੇ ਵਿਕਾਸ ਨੂੰ ਹੁਣ ਹੋਰ ਵੀ ਵਧੇਰੇ ਸੰਗਠਿਤ ਤਰੀਕੇ ਨਾਲ ਕਰਵਾਏਗੀ ਅਤੇ ਉਨ੍ਹਾਂ ਨਾਲ ਹੀ ਇਹ ਵੀ ਭਰੋਸਾ ਦਿੱਤਾ ਕਿ ਸਾਰੇ ਪਿੰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਸਰਵਪੱਖੀ ਵਿਕਾਸ ਕਰਵਾਉਣ ਲਈ ਉਹ ਬਲਾਕ ਸੰਮਤੀ ਨੂੰ ਸਰਕਾਰ ਵਲੋਂ ਹਰ ਸਹੂਲਤ ਦੇਣਗੇ | ਇਸ ਮੌਕੇ 'ਤੇ ਨਵੇਂ ਚੁਣੇ ਗਏ ਚੇਅਰਮੈਨ ਪਨਾਗ ਨੇ ਆਪਣੀ ਨਿਯੁਕਤੀ 'ਤੇ ਵਿਧਾਇਕ ਬੜਿੰਗ ਅਤੇ ਸਮੂਹ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਡੀ.ਐਸ.ਪੀ. ਗੁਰਦੀਪ ਸਿੰਘ, ਬੀ.ਡੀ.ਪੀ.ਓ. ਚੰਦ ਸਿੰਘ, ਸਰਪੰਚ ਯੂਨੀਅਨ ਅਮਲੋਹ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ, ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਭਲਵਾਨ ਯਾਦਵਿੰਦਰ ਸਿੰਘ ਲੱਕੀ ਸਲਾਣਾ, ਕਰਮਜੀਤ ਕੌਰ ਸ਼ੇਰਗਿੱਲ ਅਤੇ ਸੇਵਾ ਸਿੰਘ ਲਾਡਪੁਰ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ |