ਫ਼ਤਹਿਗੜ੍ਹ ਸਾਹਿਬ, 6 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਕੌਮੀ ਵਿਗਿਆਨ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਕੌਮੀ ਸੈਮੀਨਾਰ 'ਡਿਜੀਟਲ ਰੇਡੀਨੇਸ ਅਤੇ ਗੁਣਵੱਤਾ ਸਿੱਖਿਆ ਦੇ ਉੱਨਤੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ' ਦਾ ਆਯੋਜਨ ਕੀਤਾ ਗਿਆ | ਇਹ ਸੈਮੀਨਾਰ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਰਹਿਨੁਮਾਈ ਹੇਠ ਅਤੇ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ ਤੇ ਵਿਗਿਆਨਕ ਖੋਜ ਅਤੇ ਨਵੀਨਤਾ ਕੇਂਦਰ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ | ਇਸ ਦੇ ਸੰਚਾਲਕ ਡਾ. ਤੇਜਬੀਰ ਸਿੰਘ ਰਜਿਸਟਰਾਰ ਅਤੇ ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਆਈ. ਕਿਉ. ਏ. ਸੀ.) ਸਨ | ਸਮਾਪਤੀ ਸੈਸ਼ਨ ਮੌਕੇ ਡਾ. ਅੰਕਦੀਪ ਕੌਰ ਅਟਵਾਲ ਨੇ ਦੱਸਿਆ ਕਿ ਇਹ ਸੈਮੀਨਾਰ ਉੱਚ ਸਿੱਖਿਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰੂਪਾਂਤਰਕ ਪਹਿਲੂਆਂ ਜਿਵੇਂ ਕਿ ਡਿਜੀਟਲ ਤਿਆਰੀ, ਗੁਣਵੱਤਾ ਮਾਪਦੰਡ, ਅੰਤਰ-ਵਿਭਾਗੀ ਖੋਜ ਅਤੇ ਨਵੇਂ ਸਿੱਖਣ-ਸਿਖਾਉਣ ਮਾਡਲਾਂ ਦੀ ਸਮੀਖਿਆ ਨੂੰ ਸਮਰਪਿਤ ਹੈ | ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪਾਠਕ੍ਰਮ ਵਿਕਾਸ, ਮੁਲਾਂਕਣ ਪ੍ਰਣਾਲੀਆਂ ਅਤੇ ਗੁਣਵੱਤਾ-ਢਾਂਚੇ ਵਿਚ ਰਣਨੀਤਕ ਏਕੀਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਬੁੱਧੀ ਅਤੇ ਨੈਤਿਕ ਵਿਚਾਰਸ਼ੀਲਤਾ ਨੂੰ ਬਲ ਪ੍ਰਦਾਨ ਕਰਨ ਵਾਲੀ ਸਹਿਯੋਗੀ ਸ਼ਕਤੀ ਹੈ | ਉਨ੍ਹਾਂ ਨੇ ਖੋਜਕਾਰਾਂ ਅਤੇ ਅਧਿਆਪਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ, ਨੈਤਿਕ ਅਤੇ ਨਵੀਨਤਾਪੂਰਨ ਵਰਤੋਂ ਲਈ ਪ੍ਰੇਰਿਤ ਕੀਤਾ | ਪਹਿਲੇ ਦਿਨ ਮੁੱਖ ਵਿਗਿਆਨਕ ਸੈਸ਼ਨ ਡਾ. ਰਿਪੁਦਮਨ ਸਿੰਘ ਅਸਿਸਟੈਂਟ ਪ੍ਰੋਫ਼ੈਸਰ ਚਿਤਕਾਰਾ ਯੂਨੀਵਰਸਿਟੀ ਵਲੋਂ ਪੇਸ਼ ਕੀਤਾ ਗਿਆ | ਉਨ੍ਹਾਂ ਨੇ ਸਿੱਖਣ-ਸਿਖਾਉਣ ਪ੍ਰਕਿਰਿਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਹੁ-ਪੱਖੀ ਪ੍ਰਯੋਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਦੂਜੇ ਦਿਨ ਮੁੱਖ ਵਕਤਾ ਡਾ. ਕਰਮਜੀਤ ਸਿੰਘ ਧਾਲੀਵਾਲ ਅਸਿਸਟੈਂਟ ਪ੍ਰੋਫ਼ੈਸਰ ਭੌਤਿਕ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀਵ-ਬੁੱਧੀ ਤੋਂ ਮਸ਼ੀਨੀ ਬੁੱਧੀ ਤੱਕ ਬੁੱਧੀ ਦੇ ਵਿਕਾਸੀ ਸਫ਼ਰ ਦੀ ਵਿਗਿਆਨਕ ਵਿਆਖਿਆ ਕੀਤੀ | ਮੰਚ ਸੰਚਾਲਨ ਜਸਪ੍ਰੀਤ ਕੌਰ ਮੈਂਬਰ ਆਈ. ਕਿਉ. ਏ. ਸੀ. ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ, ਡਾ. ਹਰਨੀਤ ਕੌਰ ਡੀਨ ਸਿੱਖਿਆ, ਡਾ. ਹਰਦੇਵ ਸਿੰਘ ਡੀਨ ਧਰਮ ਅਧਿਐਨ), ਡਾ. ਨਵਸ਼ਗਨਦੀਪ ਕੌਰ ਮੁਖੀ ਸਮਾਜ ਸ਼ਾਸਤਰ ਵਿਭਾਗ, ਡਾ. ਮੋਨਿਕਾ ਐਰੀ ਅਸਿਸਟੈਂਟ ਪ੍ਰੋਫ਼ੈਸਰ ਜੂਆਲੋਜੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਸ਼ਾਮਿਲ ਸਨ | ਸੈਮੀਨਾਰ ਦੀ ਸਮਾਪਤੀ ਮੌਕੇ ਡਾ. ਤੇਜਬੀਰ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ |