ਫ਼ਤਹਿਗੜ੍ਹ ਸਾਹਿਬ, 9 ਮਾਰਚ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਦੀ ਕਾਮਰਸ ਐਸੋਸੀਏਸ਼ਨ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਕੌਰ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ | ਇਸ ਲੈਕਚਰ ਦਾ ਮੁੱਖ ਉਦੇਸ਼ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਲਿੰਗ ਸਮਾਨਤਾ 'ਤੇ ਚਰਚਾ ਅਤੇ ਔਰਤਾਂ ਦੀ ਸਮਾਜਿਕ ਉਪਲੱਬਧੀਆਂ ਨੂੰ ਯਾਦ ਕਰਨਾ ਸੀ | ਮੁੱਖ ਬੁਲਾਰੇ ਡਾ. ਹਰਦੀਪ ਕੌਰ ਨੇ ਵਿਦਿਆਰਥਣਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਉਤਸ਼ਾਹਿਤ ਕੀਤਾ, ਉੱਥੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਲਈ ਵੀ ਜਾਗਰੂਕ ਕੀਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਉਸਾਰੂ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਅਜਿਹੇ ਉਸਾਰੂ ਉਪਰਾਲੇ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਪ੍ਰੇਰਿਤ ਕਰਦੇ ਹਨ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਅਨਵਰ ਨੇ ਸਭ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਕਾਮਰਸ ਐਸੋਸੀਏਸ਼ਨ ਦੀ ਪ੍ਰਧਾਨ ਜੈਸਮੀਨ ਕੌਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਐਮ.ਕਾਮ. ਭਾਗ ਦੂਸਰਾ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ | ਇਸ ਮੌਕੇ ਵਿਭਾਗ ਦੇ ਪ੍ਰੋ. ਰਵਿੰਦਰ ਕੌਰ, ਡਾ. ਰਸ਼ਪਾਲਜੀਤ ਕੌਰ ਅਤੇ ਪ੍ਰੋ. ਨਵਨੀਤ ਕੌਰ ਆਦਿ ਹਾਜ਼ਰ ਸਨ |