ਸ਼ਰਤਾਂ ਹੇਠ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਐਲਾਨ ਚਿੱਟੇ ਦਿਨ ਔਰਤਾਂ ਨਾਲ ਧੋਖਾ-ਬਲਿਹਾਰ ਸਿੰਘ ਚੁੰਨ੍ਹੀ
ਅਜੀਤ ਡੈਸਕ
10-03-2026
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨ੍ਹੀ ਨੇ ਆਪਣੇ ਦਫ਼ਤਰ ਵਿਖੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ. ਚੁੰਨ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਪਿਛਲੇ 4 ਸਾਲਾਂ ਦੇ ਬਕਾਏ 48 ਹਜ਼ਾਰ ਰੁਪਏ ਹਰੇਕ ਮਹਿਲਾ ਨੂੰ ਦੇਣ ਦੇ ਵਾਅਦੇ ਨੂੰ ਪਿਛਾਂਹ ਸੁੱਟ ਕੇ ਨਵੀਂ ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿ੍ਆ ਰਾਹੀਂ ਇਕ ਹੋਰ ਸਿਆਸੀ ਪੈਂਤੜਾ ਖੇਡਿਆ ਹੈ | ਜਦੋਂਕਿ ਪਹਿਲਾਂ ਕੀਤੇ ਐਲਾਨ ਵਿਚ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਨਮਾਨ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਇਸ ਯੋਜਨਾ ਨੂੰ ਨਵੀਆਂ ਸ਼ਰਤਾਂ ਹੇਠ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਚਿੱਟੇ ਦਿਨ ਔਰਤਾਂ ਨਾਲ ਧੋਖਾ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਆਖ਼ਰੀ ਬਜਟ ਸੀ, ਜਿਸ ਵਿਚ ਸਾਬਤ ਹੋ ਗਿਆ ਹੈ ਕਿ ਇਹ ਸਰਕਾਰ ਸਿਰਫ਼ ਝੂਠੇ ਇਸ਼ਤਿਹਾਰਾਂ ਵਾਲੀ ਅਤੇ ਝੂਠੇ ਐਲਾਨਾਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਵਿਚ ਆ ਕੇ ਚਾਰ ਸਾਲ ਪਹਿਲਾਂ 'ਆਪ' ਨੂੰ ਸੱਤਾ ਵਿਚ ਲਿਆਂਦਾ ਸੀ, ਪਰ ਹੁਣ ਇਸ ਪਾਰਟੀ ਦੀ ਸਰਕਾਰ ਨੇ ਆਪਣੇ ਆਖ਼ਰੀ ਬਜਟ ਵਿਚ ਵੀ ਮਹਿਜ਼ ਖਾਨਾ ਪੂਰਤੀ ਕਰਕੇ ਐਲਾਨ ਕਰ ਦਿੱਤਾ ਕਿ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣੇ ਸ਼ੁਰੂ ਕੀਤੇ ਜਾਣਗੇ ਜੋ ਕਿ ਮਜ਼ਾਕ ਤੋਂ ਜ਼ਿਆਦਾ ਕੁਝ ਨਹੀਂ | ਇਸ ਮੌਕੇ 'ਤੇ ਅਜੈਬ ਸਿੰਘ ਬਡਾਲੀ ਮਾਈ ਕੀ, ਸਰਬਜੀਤ ਸਿੰਘ ਛੋਟਾ, ਹੈਪੀ ਰੈਲੋਂ, ਤਾਰੂ ਚੁੰਨੀ, ਸੁਖਮਨਪ੍ਰੀਤ ਸਿੰਘ ਨਰੈਣਾ ਵੀ ਹਾਜ਼ਰ ਸਨ |