ਫ਼ਤਹਿਗੜ੍ਹ ਸਾਹਿਬ, 10 ਮਾਰਚ (ਬਲਜਿੰਦਰ ਸਿੰਘ)-ਨਗਰ ਕੌਂਸਲ ਰਿਟਾਇਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਸਰਹਿੰਦ ਮੰਡੀ ਵਿਖੇ ਪ੍ਰਧਾਨ ਹੰਸਰਾਜ ਤਲਾਣੀਆਂ ਦੀ ਅਗਵਾਈ ਵਿਚ ਹੋਈ | ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਹਿਤੋਂ ਦੀ ਧਰਮ ਪਤਨੀ ਦੇ ਅਕਾਲ ਚਲਾਣਾ 'ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਵੱਖ ਵੱਖ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ | ਜਿਵੇਂ ਕਿ ਜਨਵਰੀ 2016 ਤੋਂ ਛੁੱਟੀਆਂ ਦਾ ਬਕਾਇਆ ਚਾਰ ਕਿਸ਼ਤਾਂ ਵਿਚ ਮਿਲਣਾ ਸੀ, ਜੋ ਕਿ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ | ਇਸ ਤੋਂ ਇਲਾਵਾ 2022 ਤੋਂ ਬਾਅਦ ਸੇਵਾ ਮੁਕਤ ਹੋਏ ਕਰਮਚਾਰੀਆਂ ਦਾ ਡੀ.ਏ ਦਾ ਰਹਿੰਦਾ ਬਕਾਇਆ 16 ਫ਼ੀਸਦੀ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨ ਕਾਪੀਆਂ ਜਾਰੀ ਕੀਤੀਆਂ ਗਈਆਂ ਹਨ | ਜਿਸ ਕਾਰਨ ਮੁਲਾਜ਼ਮਾਂ ਵਿਚ 'ਆਪ' ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੇਵਾ ਮੁਕਤ ਹੋਏ ਹੰਸਰਾਜ ਜੂਨੀਅਰ ਕਲਰਕ ਨੂੰ ਜੂਨੀਅਰ ਸਹਾਇਕ ਵਜੋਂ ਆਰਡਰ ਦੇਣ ਦੇ ਬਾਵਜੂਦ ਵੀ ਜੂਨੀਅਰ ਸਹਾਇਕ ਦਾ ਗ੍ਰੇਡ ਰਿਕਾਰਡ ਵਿਚ ਨਹੀਂ ਲਿਆ ਗਿਆ | ਇਸ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਹੰਸਰਾਜ ਤੋਂ ਇਲਾਵਾ ਮਹਿੰਦਰ ਪਾਲ ਸ਼ਰਮਾ, ਰਮੇਸ਼ ਕੁਮਾਰ, ਦਲੀਪ ਕੁਮਾਰ, ਹੰਸ ਰਾਜ, ਨਾਇਬ ਸਿੰਘ, ਹਰਚੰਦ ਸਿੰਘ, ਬੰਤ ਸਿੰਘ, ਕੁਲਭੂਸ਼ਣ ਰਾਏ, ਦਲਵਿੰਦਰ ਸਿੰਘ, ਵਲੈਤੀ ਲਾਲ, ਪ੍ਰੇਮ ਸਿੰਘ, ਸੁਰਿੰਦਰ ਕੁਮਾਰ, ਕਿ੍ਸ਼ਨ ਸਿੰਘ ਵੀ ਸ਼ਾਮਿਲ ਸਨ |