ਮੰਡੀ ਗੋਬਿੰਦਗੜ੍ਹ, 11 ਮਾਰਚ (ਰਾਜੇਸ਼ ਸ਼ਰਮਾ)-ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਅਹਿਮ ਮੀਟਿੰਗ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਸ਼ਹਿਰ ਵਿਚ ਪਾਰਟੀ ਦੀਆਂ ਸਰਗਰਮੀਆਂ, ਆਉਣ ਵਾਲੀਆਂ ਰਾਜਨੀਤਿਕ ਰਣਨੀਤੀਆਂ ਅਤੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਰਕਰਾਂ ਦੇ ਸੁਝਾਅ ਵੀ ਸੁਣੇ ਗਏ | ਇਸ ਮੌਕੇ ਸ. ਨਾਭਾ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹ ਸਰਕਾਰ ਸਿਰਫ਼ ਪ੍ਰਚਾਰ ਅਤੇ ਜੁਮਲਿਆਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ | ਮਹਿਲਾਵਾਂ ਨੂੰ 1000 ਮਹੀਨਾ ਦੇਣ ਦਾ ਜੋ ਵਾਇਦਾ ਕੀਤਾ ਸੀ, ਹੁਣ ਸਰਕਾਰ ਵਲੋਂ ਉਸ ਯੋਜਨਾ ਵਿਚ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਗਈਆਂ ਹਨ | ਜਿਵੇਂ ਇਨ੍ਹਾਂ ਨੇ ਸਿਹਤ ਬੀਮਾ ਵਿਚ ਰੱਖੀਆਂ ਸੀ, ਜਿਸ ਕਾਰਨ ਬਹੁਤ ਸਾਰੀਆਂ ਮਹਿਲਾਵਾਂ ਇਸ ਸਕੀਮ ਤੋਂ ਵਾਂਝੀਆਂ ਰਹਿ ਜਾਣਗੀਆਂ ਅਤੇ ਇਹ ਯੋਜਨਾ ਦਾ ਮਹਿਲਾਵਾਂ ਤੱਕ ਫ਼ਾਇਦਾ ਪਹੁੰਚਣ ਨੂੰ ਅਜੇ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਹੋਰ ਲੱਗੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਇਸ ਦਾ ਜਵਾਬ ਦੇਣਗੇ | ਉਨ੍ਹਾਂ ਮੰਡੀ ਗੋਬਿੰਦਗੜ੍ਹ ਦੇ ਵਿਕਾਸ ਸਬੰਧੀ ਮੁੱਦਿਆਂ ਨੂੰ ਚੁੱਕਦਿਆਂ ਕਿਹਾ ਕਿ ਸ਼ਹਿਰ ਵਿਚ ਬਣ ਰਹੇ ਕੁਝ ਮਹੱਤਵਪੂਰਨ ਪ੍ਰੋਜੈਕਟ ਅਜੇ ਤੱਕ ਅਧੂਰੇ ਪਏ ਹਨ | ਖ਼ਾਸ ਕਰਕੇ ਸ਼ਹਿਰ ਦੇ ਅੰਦਰ ਅਧੂਰਾ ਪਿਆ ਰੇਲਵੇ ਦਾ ਪੁਲ, ਜਿਸ ਦਾ ਕੰਮ ਕਾਫ਼ੀ ਸਮੇਂ ਤੋਂ ਇਨ੍ਹਾਂ ਦੇ ਆਪਣੇ ਨਿੱਜੀ ਸਵਾਰਥਾਂ ਕਾਰਨ ਰੁਕਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਇਹ ਸਾਰੇ ਵਿਕਾਸ ਕਾਰਜ ਤੁਰੰਤ ਪੂਰੇ ਕਰਵਾਏ ਜਾਣਗੇ | ਵਿਧਾਨ ਸਭਾ ਵਿਚ ਚੱਲ ਰਹੇ ਮੌਜੂਦਾ ਰਾਜਨੀਤਿਕ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਮੇਸ਼ਾ ਲੋਕਤੰਤਰਿਕ ਮਰਿਆਦਾ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਤੇ ਕੌਂਸਲਰ ਰਾਜਿੰਦਰ ਬਿੱਟੂ, ਸੂਬਾ ਸਕੱਤਰ ਜੋਗਿੰਦਰ ਮੈਣੀ, ਬਲਾਕ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਅਰਵਿੰਦ ਸਿੰਗਲਾ, ਕੌਂਸਲਰ ਅਮਿਤ ਜੈਚੰਦ ਸ਼ਰਮਾ, ਚਰਨਜੀਤ ਸਿੰਘ ਬਾਜਵਾ, ਅਨਿਲ ਸਿੰਗਲਾ, ਜਗਮੀਤ ਸਹੋਤਾ ਸਾਬਕਾ ਕੌਂਸਲ ਪ੍ਰਧਾਨ, ਗੁਰਿੰਦਰਪਾਲ ਸਿੰਘ ਹੈਪੀ ਸਾਬਕਾ ਸਰਪੰਚ, ਕਮਲਜੀਤ ਸੋਮਾ, ਰਣਜੀਤ ਸਿੰਘ ਅੰਬੇਮਾਜਰਾ, ਡਿੰਪਲ ਸ਼ਰਮਾ, ਭੁਪਿੰਦਰ ਸਿੰਘ ਕਾਲਾ, ਮਾਸਟਰ ਜਰਨੈਲ ਸਿੰਘ, ਗੁਰਿੰਦਰ ਸਿੰਘ ਹੈਪੀ, ਦਿਨੇਸ਼ ਸਿੰਘੀ, ਰੋਹਿਤ ਸ਼ਰਮਾ, ਰਾਮ ਕੇਵਲ ਯਾਦਵ, ਕਿ੍ਸ਼ਨ ਯਾਦਵ, ਵਿਮਲ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |