ਮੰਡੀ ਗੋਬਿੰਦਗੜ੍ਹ, 4 ਅਪ੍ਰੈਲ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਆਫ਼ਤਾਬ 2026 ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਹ ਪ੍ਰੋਗਰਾਮ ਡਾ. ਨਿਸ਼ੀ ਬਾਲਾ ਡਾਇਰੈਕਟਰ ਪਿਮਟ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ | ਇਸ ਮੌਕੇ ਉਨ੍ਹਾਂ ਮੁੱਖ ਮਹਿਮਾਨਾਂ ਰਾਜ ਕੁਮਾਰ ਗੋਇਲ ਪ੍ਰਧਾਨ ਜੀ.ਈ.ਐਸ.ਡਬਲਯੂ.ਟੀ. , ਨਰੇਸ਼ ਅਗਰਵਾਲ ਸੰਯੁਕਤ ਖ਼ਜ਼ਾਨਚੀ ਤੇ ਚੇਅਰਮੈਨ ਪਿਮਟ, ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ ਅਤੇ ਡਾ. ਨੀਨਾ ਸੇਠ ਪਜਨੀ ਪਿ੍ੰਸੀਪਲ ਜੀ.ਪੀ.ਸੀ. ਦਾ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਜੋਤ ਜਗਾਉਣ ਅਤੇ ਸਰਸਵਤੀ ਵੰਦਨਾ ਨਾਲ ਹੋਈ | ਇਸ ਸੱਭਿਆਚਾਰਕ ਸਮਾਗਮ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਮਹਿੰਦੀ, ਰੰਗੋਲੀ, ਨੇਲ ਆਰਟ, ਕਾਰਟੂਨਿੰਗ, ਈ-ਪੋਸਟਰ, ਫ਼ੋਟੋਗ੍ਰਾਫੀ, ਰੀਲ ਮੇਕਿੰਗ, ਐਡ-ਮੇਡ ਸ਼ੋਅ, ਜਰਨਲ ਕੁਇਜ਼, ਰਚਨਾਤਮਿਕ ਲਿਖਤ, ਕੋਲਾਜ ਮੇਕਿੰਗ, ਸੋਲੋ ਸੌਂਗ, ਸੋਲੋ ਵੈਸਟਰਨ ਡਾਂਸ, ਸੋਲੋ ਲੋਕ ਨਾਚ, ਭੰਗੜਾ, ਮਿਮਿਕਰੀ ਅਤੇ ਫ਼ੈਸ਼ਨ ਸ਼ੋਅ ਵਰਗੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਪਿਮਟ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਾਗੀਦਾਰਾਂ, ਮਹਿਮਾਨਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਬਾਲਾ ਅਤੇ ਪਿ੍ੰਸੀਪਲ ਡਾ. ਪਜਨੀ ਨੇ ਜੇਤੂ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ |