ਪਟਿਆਲਾ, 5 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਬੀਤੇ ਸ਼ਨੀਵਾਰ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ ਬਲਾਕ ਦੇਵੀਗੜ੍ਹ ਦੇ ਅਧਿਆਪਕ ਪ੍ਰਦੀਪ ਕੁਮਾਰ ਜੋ ਅਧਿਆਪਨ ਦੇ ਨਾਲ-ਨਾਲ ਹਲਕਾ ਸਨੌਰ ਦੇ ਬੂਥ ਨੰਬਰ 92 ਵਿਖੇ ਬਤੌਰ ਬੀ.ਐੱਲ.ਓ. (ਬੂਥ ਲੈਵਲ ਆਫਿਸਰ) ਪ੍ਰੀ-ਐੱਸ.ਆਈ.ਆਰ. ਤਹਿਤ ਡਿਊਟੀ ਨਿਭਾ ਰਹੇ ਸਨ, ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਐਸ.ਆਈ.ਆਰ. ਦੇ ਕੰਮ ਨੂੰ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਵਲੋਂ ਨਿੱਤ ਦਿਨ ਦਾ ਪਾਇਆ ਜਾ ਰਿਹਾ ਦਬਾਅ ਮੌਤ ਦਾ ਕਾਰਨ ਬਣਿਆ | ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਲੁਕਵੇਂ ਏਜੰਡੇ ਤਹਿਤ ਆਰੰਭੀ ਗਈ 'ਵਿਸ਼ੇਸ਼ ਸੁਧਾਈ ਮੁਹਿੰਮ' ਵਿਚ ਵੋਟਰ ਬਣੇ ਰਹਿਣ ਲਈ ਕਈ ਤਰ੍ਹਾਂ ਦੀਆਂ ਬੇਲੋੜੀਆਂ ਤੇ ਸਖਤ ਸ਼ਰਤਾਂ ਲਗਾਈਆਂ ਗਈਆਂ ਹਨ ਜਿਸ ਕਾਰਨ ਇਹ ਕੰਮ ਕਾਫੀ ਲਮਕਵਾਂ ਹੋ ਜਾਂਦਾ ਹੈ ਅਤੇ ਇਸ ਦੇ ਉਲਟ ਅਫ਼ਸਰਸ਼ਾਹੀ ਵਲੋਂ ਬੀ.ਐੱਲਓਜ਼ 'ਤੇ ਕੰਮ ਨੂੰ ਜਲਦ ਪੂਰਾ ਕਰਨ ਲਈ ਅਥਾਹ ਦਬਾਅ ਪਾਇਆ ਜਾ ਰਿਹਾ ਹੈ | ਜਿਸ ਦਾ ਖਮਿਆਜਾ ਕਰਮਚਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਦੇਣਾ ਪੈ ਰਿਹਾ ਹੈ | ਉੱਚ ਅਧਿਕਾਰੀਆਂ ਵੱਲੋਂ ਕੰਮ ਸਮੇਂ ਸਿਰ ਨੇਪਰੇ ਨਾ ਚੜਨ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਰੋਕਣ ਅਤੇ ਉਨ੍ਹਾਂ ਨੂੰ ਮੁਅਤਲ ਕਾਰਨ ਤੱਕ ਦੇ ਪੱਤਰ ਵੀ ਜਾਰੀ ਹੋ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾਣਗੇ | ਆਗੂਆਂ ਨੇ 20,000 ਦੇ ਕਰੀਬ ਅਧਿਆਪਕਾਂ ਨੂੰ ਬੀ.ਐਲ.ਓ. ਡਿਊਟੀਆਂ ਸਮੇਤ ਹੋਰ ਗੈਰਵਿਦਿਅਕ ਕਾਰਜਾਂ 'ਤੇ ਲਗਾ ਕੇ 'ਸਿੱਖਿਆ ਕ੍ਰਾਂਤੀ' ਦਾ ਢੰਡੋਰਾ ਪਿੱਟ ਰਹੀ ਪੰਜਾਬ ਸਰਕਾਰ ਉੱਤੇ ਵੀ ਗੰਭੀਰ ਸਵਾਲ ਚੁੱਕੇ ਹਨ |