ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਸੈਸ਼ਨ 2026-27 ਦੀ ਸ਼ੁਰੂਆਤ ਬਹੁਤ ਹੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਕੀਤੀ ਗਈ | ਜਿਸ ਦੌਰਾਨ ਸਕੂਲ ਅਧਿਆਪਕਾਂ ਵਲੋਂ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਰੰਗ-ਬਿਰੰਗੇ ਸਵਾਗਤੀ ਕਾਰਡ, ਟਾਫ਼ੀਆਂ, ਚਾਕ ਲੇਟਾਂ ਅਤੇ ਛੋਟੇ-ਛੋਟੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ ਅਤੇ ਸਾਰਾ ਪ੍ਰਬੰਧ ਇਸ ਤਰ੍ਹਾਂ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਸਕੂਲ ਵਿਚ ਪਹਿਲੇ ਦਿਨ ਤੋਂ ਹੀ ਘਰ ਵਰਗਾ ਅਹਿਸਾਸ ਹੋਵੇ ਅਤੇ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰਨ | ਨਵੇਂ ਦਾਖਲ ਹੋਏ ਛੋਟੇ ਬੱਚਿਆਂ ਲਈ ਖ਼ਾਸ ਤੌਰ ਤੇ ਅਧਿਆਪਕਾਂ ਵਲੋਂ ਮਿੱਤਰਤਾ ਭਰਿਆ ਮਾਹੌਲ ਤਿਆਰ ਕੀਤਾ ਗਿਆ | ਅਧਿਆਪਕਾ ਨੇ ਬੱਚਿਆਂ ਨਾਲ ਪਿਆਰ ਅਤੇ ਧੀਰਜ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਨ ਵਿਚੋਂ ਡਰ ਅਤੇ ਘਬਰਾਹਟ ਦੂਰ ਕੀਤੀ | ਇਸ ਮੌਕੇ ਸਕੂਲ ਦੇ ਕਲਾਸ ਰੂਮ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਬੱਚਿਆਂ ਵਿਚ ਸਿੱਖਿਆ ਦੀ ਰੁਚੀ ਹੋਰ ਵਧੀ | ਇਸ ਮੌਕੇ ਸਕੂਲ ਦੇ ਸਕੱਤਰ-ਕਮ-ਖ਼ਜ਼ਾਨਚੀ ਪਿ੍ਆ ਅਰੋੜਾ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਜੀਵਨ ਵਿਚ ਅੱਗੇ ਵਧਣ ਦਾ ਮਜ਼ਬੂਤ ਆਧਾਰ ਹੈ | ਸਕੂਲ ਦੇ ਪਿ੍ੰਸੀਪਲ ਡਾ. ਬਬੀਤਾ ਚੋਪੜਾ ਵਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ, ਸਮੇਂ ਦੀ ਪਾਬੰਦੀ, ਸਫ਼ਾਈ ਅਤੇ ਆਦਰ-ਸਨਮਾਨ ਵਰਗੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਵੀ ਪ੍ਰੇਰਿਆ |