ਫ਼ਤਹਿਗੜ੍ਹ ਸਾਹਿਬ, 7 ਅਪ੍ਰੈਲ (ਬਲਜਿੰਦਰ ਸਿੰਘ)-ਸ਼ਤਰੰਜ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਵਲੋਂ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲੇ ਕਰਵਾਏ ਗਏ, ਜਿਸ ਵਿਚ ਅੰਡਰ-7, ਅੰਡਰ-9 ਅਤੇ ਅੰਡਰ-13 ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਅਮਿਤ ਸ਼ਰਮਾ ਅਤੇ ਸ਼ਤਰੰਜ ਕੋਚ ਦਿਨੇਸ਼ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਬੱਚਿਆਂ ਵਿਚ ਸ਼ਤਰੰਜ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨਾ ਸੀ | ਉਨ੍ਹਾਂ ਕਿਹਾ ਕਿ ਸ਼ਤਰੰਜ ਗਣਨਾ ਦੀ ਖੇਡ ਹੈ, ਜੋ ਨਾ ਸਿਰਫ਼ ਮਨ ਨੂੰ ਤਿੱਖਾ ਕਰਦੀ ਹੈ, ਬਲਕਿ ਗਣਿਤ ਦੇ ਹੁਨਰ ਨੂੰ ਵੀ ਸੁਧਾਰਦੀ ਹੈ | ਜਦੋਂ ਕਿ ਸ਼ਤਰੰਜ ਨਿਸ਼ਚਤ ਤੌਰ 'ਤੇ ਇਕ ਮਾਨਸਿਕ ਖੇਡ ਹੈ, ਬੱਚਿਆਂ ਲਈ ਸਰੀਰਕ ਗਤੀਵਿਧੀ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ | ਨਤੀਜਿਆਂ ਦਾ ਐਲਾਨ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੰਡਰ-13 ਉਮਰ ਵਰਗ ਵਿਚ ਸ਼ੌਰਿਆ ਗਰਗ ਨੇ ਪਹਿਲਾ, ਸੋਮੇਸ਼ ਪੁਰੀ ਨੇ ਦੂਜਾ ਅਤੇ ਮਨਿਤ ਸੂਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲਿਆਂ ਦੇ ਜੇਤੂਆਂ ਨੂੰ ਜ਼ਿਲ੍ਹਾ ਐਸੋਸੀਏਸ਼ਨ ਵਲੋਂ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਵੀ ਬਾਂਸਲ, ਸੰਯੁਕਤ ਸਕੱਤਰ ਪਿ੍ਆ, ਹਰਜਿੰਦਰ ਸਿੰਘ, ਅੰਜਲੀ, ਸਿਮਰਨ ਕੁਮਾਰੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ |