ਮੰਡੀ ਗੋਬਿੰਦਗੜ੍ਹ, 8 ਅਪ੍ਰੈਲ (ਇਕਬਾਲਦੀਪ ਸੰਧੂ)-ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਨੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ | ਇਸ ਮੌਕੇ 'ਤੇ ਪਿ੍ੰਸੀਪਲ ਦਿਵਿਆ ਮਹਿਤਾ ਨੇ ਵਿਦਿਆਰਥੀਆਂ ਅਤੇ ਸਟਾਫ਼ ਵਿਚ ਸਿਹਤ ਤੇ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਵੱਡੀ ਪਹਿਲ ਕੀਤੀ | ਉਨ੍ਹਾਂ ਦੇਸ਼ ਭਗਤ ਯੂਨੀਵਰਸਿਟੀ ਦੀ ਟੀਮ ਦੇ ਸਹਿਯੋਗ ਨਾਲ ਇਕ ਡੈਂਟਲ ਹੈਲਥ ਚੈੱਕਅਪ ਕੈਂਪ ਦਾ ਆਯੋਜਨ ਕੀਤਾ | ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਪਿ੍ੰਸੀਪਲ ਦੇ ਦੰਦਾਂ ਦਾ ਚੈੱਕਅਪ ਕੀਤਾ | ਇਸ ਤੋਂ ਇਲਾਵਾ ਰੋਜ਼ਾਨਾ ਜੀਵਨ ਵਿਚ ਚੰਗੀ ਸਿਹਤ ਅਤੇ ਸਫ਼ਾਈ ਬਣਾਈ ਰੱਖਣ ਬਾਰੇ ਜਾਗਰੂਕਤਾ ਲਈ ਇਕ ਸੂਚਨਾਤਮਕ ਸੈਸ਼ਨ ਵੀ ਕੀਤਾ ਗਿਆ | ਉਕਤ ਮਾਹਿਰਾਂ ਨੇ ਸਫ਼ਾਈ, ਸੰਤੁਲਿਤ ਭੋਜਨ ਅਤੇ ਨਿਯਮਤ ਕਸਰਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜੋ ਕਿ ਬਿਮਾਰੀਆਂ ਨੂੰ ਰੋਕਣ ਅਤੇ ਸਿਹਤਮੰਦ ਜੀਵਨ ਲਈ ਜ਼ਰੂਰੀ ਹਨ | ਇਸ ਮੌਕੇ ਪਿ੍ੰਸੀਪਲ ਮਹਿਤਾ ਨੇ ਵਿਦਿਆਰਥੀਆਂ ਨੂੰ ਦੰਦਾਂ ਨੂੰ ਦਿਨ ਵਿਚ ਦੋ ਵਾਰ ਬੁਰਸ਼ ਕਰਨ, ਨਿਯਮਤ ਹੱਥ ਧੋਣ, ਪੌਸ਼ਟਿਕ ਭੋਜਨ ਖਾਣ ਅਤੇ ਸਰੀਰਕ ਤੌਰ 'ਤੇ ਸਰਗਰਮ ਰਹਿਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਮੈਨੇਜਿੰਗ ਡਾਇਰੈਕਟਰ ਜੇ.ਪੀ.ਐਸ. ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਤੇ ਪ੍ਰਧਾਨ ਨਵੇਰਾ ਜੌਲੀ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀ ਸੁਰੱਖਿਅਤ ਤੇ ਸਿਹਤਮੰਦ ਸਿੱਖਿਆ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਨੂੰ ਉਜਾਗਰ ਕੀਤਾ |