ਫ਼ਤਹਿਗੜ੍ਹ ਸਾਹਿਬ, 9 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਆਰ.ਸੀ. ਈ.ਡੀ. ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਰੋਜ਼ਾ ਉੱਦਮੀ ਜਾਗਰੂਕਤਾ ਪ੍ਰੋਗ੍ਰਾਮ ਕਰਵਾਇਆ ਗਿਆ | ਇਹ ਪ੍ਰੋਗ੍ਰਾਮ ਯੂਨੀਵਰਸਿਟੀ ਦੇ ਸੈਂਟਰ ਆਫ਼ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਵਲੋਂ ਕਰਵਾਇਆ ਗਿਆ, ਜਿਸ ਵਿਚ 100 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ | ਤਕਨੀਕੀ ਸੈਸ਼ਨਾਂ ਦੀ ਸ਼ੁਰੂਆਤ ਪਰਮਜੀਤ ਸਿੰਘ ਡਾਇਰੈਕਟਰ ਆਰ.ਸੀ.ਈ. ਡੀ ਵਲੋਂ ਕੀਤੀ ਗਈ, ਜਿਨ੍ਹਾਂ ਨੇ ਨਵੀਆਂ ਸੋਚਾਂ ਨੂੰ ਸਫਲ ਵਪਾਰਕ ਉਪਰਾਲਿਆਂ ਵਿਚ ਬਦਲਣ ਬਾਰੇ ਵਿਸਥਾਰਤ ਭਾਸ਼ਣ ਦਿੱਤਾ | ਉਪਰੰਤ ਫ਼ਿਲਮ ਨਿਰਮਾਤਾ ਤੇ ਵੀ.ਆਰ. ਮਾਹਿਰ ਐਨੀਮੇਸ਼ਨ ਸਟੂਡੀਓ ਦੇ ਸੰਸਥਾਪਕ ਤੇ ਡਾਇਰੈਕਟਰ ਇਨ. ਸਾਹਿਬਨੂਰ ਸਿੰਘ ਨੇ ਐਨੀਮੇਸ਼ਨ ਵਿਚ ਉੱਦਮੀ ਮੌਕੇ ਵਿਸ਼ੇ 'ਤੇ ਭਾਸ਼ਣ ਦਿੱਤਾ, ਜਿਸ ਨਾਲ ਵਿਦਿਆਰਥੀਆਂ ਨੂੰ ਰਚਨਾਤਮਿਕ ਖੇਤਰ ਵਿਚ ਉੱਭਰ ਰਹੀਆਂ ਸੰਭਾਵਨਾਵਾਂ ਦੀ ਖੋਜ ਕਰਨ ਲਈ ਪ੍ਰੇਰਨਾ ਮਿਲੀ | ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਹ ਪ੍ਰੋਗ੍ਰਾਮ ਡਾ. ਤੇਜਬੀਰ ਸਿੰਘ ਚੇਅਰਪਰਸਨ ਸੈਂਟਰ ਆਫ਼ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਦੇ ਮਹੱਤਵ 'ਤੇ ਜ਼ੋਰ ਦਿੱਤਾ | ਸਵਾਗਤੀ ਭਾਸ਼ਣ ਡਾ. ਕਮਲਜੀਤ ਕੌਰ ਵਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਅੱਜ ਦੇ ਬਦਲਦੇ ਆਰਥਿਕ ਪਰਿਪੇਖ ਵਿਚ ਉੱਦਮੀਪਣ ਅਤੇ ਆਪਣੇ ਰੁਜ਼ਗਾਰ ਦੀ ਵੱਧਦੀ ਮਹੱਤਤਾ ਬਾਰੇ ਗੱਲ ਕੀਤੀ | ਸਮਾਪਤੀ ਦੌਰਾਨ ਡਾ. ਰੁਪਿੰਦਰ ਕੌਰ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਮੁੱਖ ਵਕਤਾਵਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |