ਮੰਡੀ ਗੋਬਿੰਦਗੜ੍ਹ, 15 ਅਪ੍ਰੈਲ (ਰਾਜੇਸ਼ ਸ਼ਰਮਾ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 27 ਵਿਚ ਪਾਣੀ ਅਤੇ ਸੀਵਰੇਜ ਨਾਲ ਸਬੰਧਿਤ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਦਿੱਤਾ ਗਿਆ ਹੈ | ਇਲਾਕੇ ਦੇ ਰਹਿਣ ਵਾਲੇ ਲੋਕ ਕਾਫ਼ੀ ਸਮੇਂ ਤੋਂ ਪਾਣੀ ਦੀ ਕਮੀ, ਰਿਸਾਅ ਅਤੇ ਸੀਵਰੇਜ ਦੀ ਬਦਬੂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ 'ਆਪ' ਆਗੂ ਕਨੂੰ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਵਿਧਾਇਕ ਬੜਿੰਗ ਦੇ ਧਿਆਨ ਵਿਚ ਲਿਆਂਦਾ ਗਿਆ, ਉਨ੍ਹਾਂ ਤੁਰੰਤ ਕਾਰਵਾਈ ਲਈ ਹੁਕਮ ਦਿੱਤੇ | ਜਿਸ ਤੋਂ ਬਾਅਦ ਸੀਵਰਮੈਨ ਅਤੇ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਨੂੰ ਮੌਕੇ 'ਤੇ ਭੇਜ ਕੇ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿਚ ਮੁਰੰਮਤ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਖ਼ਾਸ ਤੌਰ 'ਤੇ ਗੋਲ ਮਾਰਕੀਟ ਇਲਾਕੇ ਵਿਚ ਪਾਣੀ ਦੀ ਰਿਸਾਅ, ਸੀਵਰੇਜ ਲਾਈਨਾਂ ਦੇ ਜਾਮ ਹੋਣ ਅਤੇ ਬਦਬੂ ਦੀ ਗੰਭੀਰ ਸਮੱਸਿਆ ਸੀ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਨੂੰ ਕਰਨ ਵਿਚ ਕਾਫ਼ੀ ਦਿੱਕਤ ਆ ਰਹੀ ਸੀ | ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸੀਵਰ ਲਾਈਨਾਂ ਦੀ ਸਫ਼ਾਈ, ਖ਼ਰਾਬ ਪਾਈਪਾਂ ਦੀ ਮੁਰੰਮਤ ਅਤੇ ਪਾਣੀ ਸਪਲਾਈ ਸੁਧਾਰਨ ਦਾ ਕੰਮ ਮੁਕੰਮਲ ਕੀਤਾ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਿਯਮਿਤ ਨਿਗਰਾਨੀ ਵੀ ਕੀਤੀ ਜਾਵੇਗੀ, ਤਾਂ ਜੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੁਬਾਰਾ ਪੈਦਾ ਨਾ ਹੋਵੇ ਅਤੇ ਲੋਕਾਂ ਨੂੰ ਸੁਚੱਜੀ ਪਾਣੀ ਸਪਲਾਈ ਤੇ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ |