ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਮੰਡੋਫਲ ਬਾਈਪਾਸ ਨੇੜੇ ਅਚਾਨਕ ਲੱਗੀ ਅੱਗ ਕਾਰਨ ਲਗਪਗ 60 ਏਕੜ ਤੋਂ ਵੱਧ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ, ਜਿਸ ਦੌਰਾਨ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਟਰੈਕਟਰ ਨਾਲ ਬਾਹੀ ਕਰਕੇ ਤੇ ਪਾਣੀ ਦੇ ਟੈਂਕਰਾਂ ਨਾਲ ਇਸ ਅੱਗ ਨੂੰ ਕਾਬੂ ਕੀਤਾ | ਸ. ਭੁੱਟਾ ਨੇ ਪ੍ਰਭਾਵਿਤ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਰ ਸਾਲ ਮੰਗ ਕਰਦੇ ਆ ਰਹੇ ਹਨ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਸਰਹਿੰਦ ਸ਼ਹਿਰ 'ਚੋਂ ਬਾਹਰ ਕੱਢ ਕੇ ਰੁੜਕੀ, ਖੇੜਾ, ਬਰਾਸ ਤੇ ਜੱਲ੍ਹਾ ਪੁਆਇੰਟਾਂ ਤੇ ਖੜ੍ਹਾ ਕੀਤਾ ਜਾਵੇ ਤਾਂ ਜੋ ਅਜਿਹੀ ਮਾੜੀ ਘਟਨਾ ਵਾਪਰਨ ਸਮੇਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਜਾ ਸਕੇ | ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਸਰਹਿੰਦ ਸ਼ਹਿਰ 'ਚੋਂ ਖੇਤਾਂ ਤੱਕ ਪਹੁੰਚਣ 'ਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ ਅਤੇ ਜਦੋਂ ਤੱਕ ਗੱਡੀਆਂ ਪਹੁੰਚਦੀਆਂ ਹਨ ਉਦੋਂ ਤੱਕ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੁੰਦਾ ਹੈ | ਭੁੱਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਕਾਰਨਾਂ ਕਰਕੇ ਫ਼ਸਲ ਨੂੰ ਅੱਗ ਲੱਗੀ ਹੈ, ਉਸ ਦੀ ਬਾਰੀਕੀ ਨਾਲ ਜਾਂਚ ਕਰਵਾ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਅੱਗ ਲੱਗਣ ਕਾਰਨ ਜਿਹੜੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ 70 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ 'ਤੇ ਸੱਜਣ ਸਿੰਘ ਸਰਪੰਚ ਅਨਾਇਤਪੁਰਾ, ਦਮਨਜੋਤ ਸਿੰਘ ਜਲਵੇੜੀ, ਮਨਜਿੰਦਰ ਸਿੰਘ ਸੱਦੋਮਾਜਰਾ, ਰਮਨਦੀਪ ਸਿੰਘ ਕੋਟਲਾ ਸੁਲੇਮਾਨ, ਕਰਮਜੀਤ ਸਿੰਘ ਰਸੀਦਪੁਰ, ਨਵਰੀਤ ਸਿੰਘ ਸਾਬਕਾ ਸਰਪੰਚ ਕੋਟਲਾ ਭਾਈਕਾ ਅਤੇ ਨਛੱਤਰ ਸਿੰਘ ਕੋਟਲਾ ਸੁਲੇਮਾਨ ਆਦਿ ਹਾਜ਼ਰ ਸਨ |