ਮੰਡੀ ਗੋਬਿੰਦਗੜ੍ਹ, 16 ਅਪ੍ਰੈਲ (ਰਾਜੇਸ਼ ਸ਼ਰਮਾ)-ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਖ਼ਰੀਦ ਅਤੇ ਲਿਫ਼ਟਿੰਗ ਪ੍ਰਬੰਧਾਂ ਦੀ ਸੁਸਤ ਰਫ਼ਤਾਰ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ | ਮੰਡੀ ਗੋਬਿੰਦਗੜ੍ਹ ਦੀ ਅਨਾਜ ਮੰਡੀ ਵਿਚ ਕਣਕ ਦੇ ਢੇਰ ਲੱਗ ਚੁੱਕੇ ਹਨ, ਜਦਕਿ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਥਿਤੀ ਨੂੰ ਦੇਖਦੇ ਹੋਏ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਮੰਡੀ ਦਾ ਅਚਾਨਕ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ ਅਤੇ ਮੌਜੂਦਾ ਪ੍ਰਬੰਧਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਅਪ੍ਰੈਲ ਤੱਕ ਵੀ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਪੂਰੀ ਤਰ੍ਹਾਂ ਠੱਪ ਪਈ ਹੈ | ਅਮਲੋਹ ਤੇ ਮੰਡੀ ਗੋਬਿੰਦਗੜ੍ਹ ਦੀਆਂ ਮੰਡੀਆਂ ਵਿਚ ਹਜ਼ਾਰਾਂ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ, ਜਿਸ ਕਾਰਨ ਨਵੀਂ ਆ ਰਹੀ ਫ਼ਸਲ ਨੂੰ ਰੱਖਣ ਲਈ ਵੀ ਥਾਂ ਦੀ ਘਾਟ ਪੈ ਰਹੀ ਹੈ | ਨਾਭਾ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਡਾ. ਸੋਨਾ ਸਿੰਘ ਨਾਲ ਸੰਪਰਕ ਕਰਕੇ ਮੰਡੀ ਵਿਚ ਪਈ ਕਰੀਬ 40 ਹਜ਼ਾਰ ਕਣਕ ਦੀਆਂ ਬੋਰੀਆਂ ਦੀ ਫ਼ੌਰੀ ਲਿਫ਼ਟਿੰਗ ਦੀ ਮੰਗ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਅਤੇ ਮੰਡੀਆਂ ਵਿਚ ਪੈਦਾ ਹੋ ਰਹੀ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ | ਇਸ ਮੌਕੇ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨੇ ਵੀ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵਾਰ ਬਾਰਦਾਨੇ ਦੀ ਸਪਲਾਈ ਅਤੇ ਗੁਣਵੱਤਾ ਦੋਵਾਂ ਹੀ ਨਾਕਾਫ਼ੀ ਹਨ | ਕਈ ਬੋਰੀਆਂ ਕਮਜ਼ੋਰ ਹੋਣ ਕਰਕੇ ਫੱਟ ਰਹੀਆਂ ਹਨ, ਜਿਸ ਨਾਲ ਕਣਕ ਦਾ ਨੁਕਸਾਨ ਹੋ ਰਿਹਾ ਹੈ | ਪਲਾਸਟਿਕ ਬਾਰਦਾਨਾ ਕਣਕ ਦੀ ਸੁਰੱਖਿਆ ਲਈ ਢੁੱਕਵਾਂ ਨਹੀਂ ਹੈ | ਕਿਸਾਨਾਂ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਵਿਚ ਪਈ ਹੈ, ਜਦਕਿ ਸਰਕਾਰੀ ਖ਼ਰੀਦ ਪ੍ਰਕਿਰਿਆ ਅਜੇ ਤੱਕ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ | ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ ਅਤੇ ਉਨ੍ਹਾਂ ਕੋਲ ਇਸ ਨੂੰ ਢੱਕਣ ਲਈ ਵੀ ਪੂਰੇ ਇੰਤਜ਼ਾਮ ਨਹੀਂ ਹਨ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਹਸੀਜਾ, ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਦੱਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਜਗਮੀਤ ਸਹੋਤਾ, ਕਮਲਜੀਤ ਸਿੰਘ ਸੋਮਾ, ਜਗਰੂਪ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ, ਮਨੋਜ ਹਸੀਜਾ, ਡਿੰਪਲ ਸ਼ਰਮਾ, ਹਨੂਮੰਤ ਸ਼ਰਮਾ, ਰਣਜੀਤ ਸਿੰਘ ਅੰਬੇਮਾਜਰਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |