ਅਨਾਜ ਮੰਡੀਆਂ ਵਿਚ ਖ਼ਰੀਦ ਦੀ ਸੁਸਤ ਰਫ਼ਤਾਰ ਕਾਰਨ ਫ਼ਸਲ ਦੇ ਲੱਗੇ ਅੰਬਾਰ, ਲਿਫਟਿੰਗ ਨਾਮਾਤਰ
ਅਜੀਤ ਡੈਸਕ
17-04-2026
ਮੰਡੀ ਗੋਬਿੰਦਗੜ੍ਹ ਤੋਂ ਰਾਜੇਸ਼ ਸ਼ਰਮਾ ਅਨੁਸਾਰ
ਮੰਡੀ ਗੋਬਿੰਦਗੜ੍ਹ ਮਾਰਕੀਟ ਕਮੇਟੀ ਅਧੀਨ ਤਿੰਨਾਂ ਮੰਡੀਆਂ ਵਿਚ 4490 ਕੁਇੰਟਲ ਕਣਕ ਦੀ ਆਮਦ
ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ, ਲਿਫ਼ਟਿੰਗ ਨਾ ਹੋਣ ਕਾਰਨ ਲੱਗੇ ਅੰਬਾਰ
ਮੰਡੀ ਗੋਬਿੰਦਗੜ੍ਹ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਤਿੰਨ ਮੰਡੀਆਂ ਵਿਚ ਕਿਸਾਨਾਂ ਵਲੋਂ ਵੱਡੀ ਮਾਤਰਾ ਵਿਚ ਕਣਕ ਲਿਆਂਦੀ ਜਾ ਰਹੀ ਹੈ | ਹਾਲਾਂਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖ਼ਰੀਦ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮੰਡੀਆਂ ਵਿਚ ਇਸ ਵੇਲੇ ਨਿੱਜੀ ਤੌਰ 'ਤੇ ਹੀ ਕਣਕ ਦੀ ਖ਼ਰੀਦ ਸ਼ੁਰੂ ਹੋਈ ਹੈ | ਸਰਕਾਰੀ ਏਜੰਸੀਆਂ ਵਲੋਂ ਅਜੇ ਤੱਕ ਖ਼ਰੀਦ ਪ੍ਰਕਿਰਿਆ ਸ਼ੁਰੂ ਨਾ ਕੀਤੇ ਜਾਣ ਕਾਰਨ ਲਿਫ਼ਟਿੰਗ ਦੀ ਸਮੱਸਿਆ ਉੱਭਰ ਰਹੀ ਹੈ | ਮੰਡੀਆਂ 'ਚੋਂ ਲਿਫ਼ਟਿੰਗ ਨਾ ਹੋਣ ਕਰਕੇ ਕਣਕ ਦੇ ਅੰਬਾਰ ਲੱਗੇ ਪਏ ਹਨ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 16 ਅਪ੍ਰੈਲ ਤੱਕ ਮੰਡੀ ਗੋਬਿੰਦਗੜ੍ਹ ਵਿਚ 1497 ਕੁਇੰਟਲ, ਮਾਜਰੀ ਮੰਡੀ ਵਿਚ 1447 ਕੁਇੰਟਲ ਤੇ ਰੰਘੇੜੀ ਕਲਾਂ ਮੰਡੀ ਵਿਚ 1546 ਕੁਇੰਟਲ ਕਣਕ ਦੀ ਆਮਦ ਦਰਜ ਕੀਤੀ ਗਈ ਹੈ | ਇਸ ਤਰ੍ਹਾਂ ਤਿੰਨਾਂ ਮੰਡੀਆਂ ਵਿਚ ਕੁੱਲ 4490 ਕੁਇੰਟਲ ਕਣਕ ਪਹੁੰਚ ਚੁੱਕੀ ਹੈ | ਭਾਵੇਂ ਬਾਰਦਾਨੇ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ ਅਤੇ ਖ਼ਰੀਦ ਪ੍ਰਕਿਰਿਆ ਜਾਰੀ ਹੈ, ਪਰ ਲਿਫ਼ਟਿੰਗ ਸ਼ੁਰੂ ਨਾ ਹੋਣ ਕਰਕੇ ਮੰਡੀਆਂ ਵਿਚ ਸਟੋਰੇਜ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਲਿਫ਼ਟਿੰਗ ਵਿਚ ਦੇਰੀ ਦੇ ਮੁੱਖ ਕਾਰਨਾਂ ਵਿਚ ਸਪੈਸ਼ਲ ਰੇਲਗੱਡੀਆਂ ਦੀ ਉਪਲੱਬਧਤਾ ਨਾ ਹੋਣਾ ਸ਼ਾਮਿਲ ਹੈ, ਕਿਉਂਕਿ ਅਕਸਰ ਕਣਕ ਦੀ ਸਿੱਧੀ ਡਿਲਿਵਰੀ ਰੇਲ ਰਾਹੀਂ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਕੈਂਪ ਪਲਿੰਥ (ਅਸਥਾਈ ਸਟੋਰੇਜ ਥਾਂ) ਦਾ ਕੰਮ ਅਜੇ ਪੂਰਾ ਨਾ ਹੋਣ ਕਰਕੇ ਵੀ ਅੜਚਣ ਪੈ ਰਹੀ ਹੈ | ਸੂਤਰਾਂ ਅਤੇ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਮੁਤਾਬਿਕ ਇਸ ਦੀ ਸਟੋਰੇਜ ਲਈ ਬਣਾਈ ਜਾ ਰਹੀ ਕੈਂਪ ਪਲਿੰਥ ਦਾ ਕੰਮ ਅੰਤਿਮ ਪੜਾਅ ਵਿਚ ਹੈ ਅਤੇ ਇਕ-ਦੋ ਦਿਨਾਂ ਵਿਚ ਤਿਆਰ ਹੋਣ ਦੀ ਸੰਭਾਵਨਾ ਹੈ | ਇਸ ਕੈਂਪ ਪਲਿੰਥ ਵਿਚ ਲਗਭਗ 2 ਲੱਖ ਕੱਟਿਆਂ ਦੀ ਸਟੋਰੇਜ ਕੀਤੀ ਜਾ ਸਕੇਗੀ | ਇਸ ਤੋਂ ਬਾਅਦ ਲਿਫ਼ਟਿੰਗ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ |
ਜਖਵਾਲੀ ਤੋਂ ਨਿਰਭੈ ਸਿੰਘ ਦੇ ਅਨੁਸਾਰ
ਚਨਾਰਥਲ ਮੰਡੀਆਂ ਅਧੀਨ 41488 ਕੁਇੰਟਲ ਕਣਕ ਦੀ ਖ਼ਰੀਦ ਹੋਈ
ਅਨਾਜ ਮੰਡੀ ਚਨਾਰਥਲ ਅਧੀਨ ਆਉਂਦੀਆਂ ਮੰਡੀਆਂ ਵਿਚ ਅੱਜ ਤੱਕ ਕਣਕ ਦੀ ਆਮਦ ਇਕਤਾਲੀ ਹਜ਼ਾਰ ਚਾਰ ਸੌ ਅਠਾਸੀ ਕੁਇੰਟਲ ਦੀ ਖ਼ਰੀਦ ਹੋਈ ਹੈ | ਚਨਾਰਥਲ ਮੰਡੀ ਵਿਚ 21100 ਕੁਇੰਟਲ, ਬਾਗੜੀਆਂ ਮੰਡੀ 4300 ਕੁਇੰਟਲ, ਮੂਲੇਪੁਰ 1130 ਕੁਇੰਟਲ, ਭਮਾਰਸੀ ਮੰਡੀ 11500 ਕੁਇੰਟਲ ਅਤੇ ਆਕੜ ਮੰਡੀ ਵਿਚ 2500 ਕੁਇੰਟਲ ਦੀ ਖ਼ਰੀਦ ਐਫ ਸੀ.ਆਈ, ਪਨਗ੍ਰੇਨ ਅਤੇ ਵੇਅਰਹਾਊਸ ਖ਼ਰੀਦ ਏਜੰਸੀਆਂ ਦੁਆਰਾ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ | ਪ੍ਰੰਤੂ ਲਿਫ਼ਟਿੰਗ ਦੀ ਪ੍ਰਕਿਰਿਆ ਅਜੇ ਧੀਮੀ ਰਫ਼ਤਾਰ ਨਾਲ ਚੱਲ ਰਹੀ ਹੈ |
ਖਮਾਣੋਂ ਤੋਂ ਜੋਗਿੰਦਰ ਪਾਲ, ਮਨਮੋਹਨ ਸਿੰਘ ਕਲੇਰ ਮੁਤਾਬਿਕ
ਦਾਣਾ ਮੰਡੀ ਖਮਾਣੋਂ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਕਣਕ ਦੀ ਖ਼ਰੀਦ ਕਰ ਰਹੀ ਹੈ | ਅੰਕੜਿਆਂ ਅਨੁਸਾਰ ਦਾਣਾ ਮੰਡੀ ਖਮਾਣੋਂ ਵਿਖੇ 15 ਅਪ੍ਰੈਲ ਤੱਕ 19070 ਕੁਇੰਟਲ ਦਾਣਾ ਮੰਡੀ ਵਿਖੇ ਪਹੁੰਚ ਚੁੱਕੀ ਹੈ, ਜਿਸ 'ਚੋਂ 7570 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ |
ਅਮਲੋਹ ਤੋਂ ਅੰਮਿ੍ਤ ਸਿੰਘ ਸ਼ੇਰਗਿੱਲ ਮੁਤਾਬਿਕ
ਮਾਰਕੀਟ ਕਮੇਟੀ ਅਮਲੋਹ ਦੇ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਅੰਕੜਿਆਂ ਅਨੁਸਾਰ, ਅੱਜ ਤੱਕ ਮਾਰਕੀਟ ਕਮੇਟੀ ਅਮਲੋਹ ਦੇ ਖੇਤਰ ਵਿਚ ਕੁੱਲ 2335 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਾਂ ਸਰਕਾਰੀ ਏਜੰਸੀਆਂ ਵਲੋਂ ਅੱਜ ਸਵੇਰ ਤੱਕ ਕੁੱਲ 1911 ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਖ਼ਰੀਦ ਕੀਤੀ ਕਣਕ ਵਿਚੋਂ ਹੁਣ ਤੱਕ 370 ਟਨ ਕਣਕ ਦੀ ਲਿਫ਼ਟਿੰਗ ਮੁਕੰਮਲ ਹੋ ਚੁੱਕੀ ਹੈ, ਜੋ ਕਿ ਕੁੱਲ ਖ਼ਰੀਦ ਦਾ ਲਗਪਗ 19.36 ਫ਼ੀਸਦੀ ਬਣਦਾ ਹੈ, ਜਦਕਿ 1541 ਟਨ ਕਣਕ ਅਜੇ ਲਿਫ਼ਟਿੰਗ ਲਈ ਮੰਡੀਆਂ ਵਿਚ ਮੌਜੂਦ ਹੈ | ਮੁੱਖ ਮੰਡੀ ਅਮਲੋਹ ਤੋਂ ਇਲਾਵਾ ਸਬ-ਸੈਂਟਰ ਬੁੱਗਾ ਕਲਾਂ, ਮਛਰਾਏ ਕਲਾਂ, ਪਹੇੜੀ, ਰਾਮਗੜ੍ਹ ਅਤੇ ਸਮੇਸ਼ਪੁਰ 'ਚ ਵੀ ਫ਼ਸਲ ਦੀ ਖ਼ਰੀਦ ਚੱਲ ਰਹੀ ਹੈ |