ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਮਾਨੂੰਪੁਰ ਅਤੇ ਇਸ ਦੇ ਨਾਲ ਲੱਗਦੇ ਤਿੰਨ ਪਿੰਡਾਂ ਵਿਚ ਅਚਾਨਕ ਲੱਗੀ ਭਿਆਨਕ ਅੱਗ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 100 ਏਕੜ ਦੇ ਕਰੀਬ ਖੜ੍ਹੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਕੇ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅਚਾਨਕ ਲੱਗੀ ਅੱਗ ਪਿੰਡ ਮਾਨੂੰਪੁਰ ਤੋਂ ਸ਼ੁਰੂ ਹੋਈ ਸੀ, ਜਿਸ ਨੇ ਦੇਖਦੇ ਹੀ ਦੇਖਦੇ ਗੁਆਂਢੀ ਪਿੰਡਾਂ ਦੀਆਂ ਫ਼ਸਲਾਂ ਨੂੰ ਵੀ ਆਪਣੀ ਗਿ੍ਫ਼ਤ ਵਿਚ ਲੈ ਲਿਆ | ਅੱਗ ਇੰਨੀ ਤੇਜ਼ ਸੀ ਕਿ ਜਦੋਂ ਤੱਕ ਇਸ 'ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਵੱਡੀ ਮਾਤਰਾ ਵਿਚ ਫ਼ਸਲ ਸੜ ਚੁੱਕੀ ਸੀ | ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਨੇ ਪ੍ਰਭਾਵਿਤ ਕਿਸਾਨ ਮਹਿੰਦਰ ਸਿੰਘ ਦੀ ਮੌਕੇ 'ਤੇ ਮਾਲੀ ਸਹਾਇਤਾ ਕੀਤੀ | ਸਤਬੀਰ ਸਿੰਘ ਨੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਯੂਨੀਅਨ ਕਿਸਾਨਾਂ ਦੇ ਨਾਲ ਖੜ੍ਹੀ ਹੈ | ਜ਼ਿਲ੍ਹਾ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਜਾਇਜ਼ਾ ਲਵੇ ਅਤੇ ਪੀੜਤ ਕਿਸਾਨਾਂ ਨੂੰ ਬਣਦਾ ਉਚਿੱਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ | ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਨ੍ਹਾਂ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨ | ਇਸ ਮੌਕੇ 'ਤੇ ਗੁਰਜੀਤ ਸਿੰਘ ਗਿੱਲ ਬਲਾਕ ਪ੍ਰਧਾਨ ਸਰਹਿੰਦ, ਗੁਰਦੀਪ ਸਿੰਘ, ਜਸ਼ਨਪ੍ਰੀਤ ਮਾਨੂਪੁਰ, ਜਸਵੀਰ ਸਿੰਘ, ਨਰੰਗ ਸਿੰਘ ਗੁਰਨੂਰ ਸਿੰਘ, ਹਰਨਾਮ ਸਿੰਘ, ਬੌਬੀ ਮਾਨੂੰਪੁਰ ਵੀ ਹਾਜ਼ਰ ਸਨ |