ਬਸੀ ਪਠਾਣਾਂ, 16 ਅਪ੍ਰੈਲ (ਪੱਤਰ ਪ੍ਰੇਰਕ)-ਐਸ.ਡੀ.ਐਮ ਬਸੀ ਪਠਾਣਾਂ ਹਰਵੀਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਪ੍ਰੋਗਰਾਮ ਮੁਤਾਬਿਕ ਸ਼ਹਿਰੀ ਇਲਾਕਿਆਂ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮਿਤੀ 17 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਮਿਤੀ 17 ਤੋਂ 23 ਅਪ੍ਰੈਲ ਤੱਕ ਕੋਈ ਵੀ ਯੋਗ ਵਿਅਕਤੀ ਤੇ ਵੋਟਰ ਆਪਣਾ ਕਲੇਮ ਜਾਂ ਇਤਰਾਜ਼ ਦਰਜ ਕਰਵਾ ਸਕਦਾ ਹੈ | ਇਸ ਤੋਂ ਇਲਾਵਾ ਨਵੀਂ ਵੋਟ ਦਰਜ ਕਰਵਾਉਣ ਜਾਂ ਪਹਿਲਾਂ ਦਰਜ ਵੋਟ ਵਿਚ ਲੋੜ ਅਨੁਸਾਰ ਸੋਧ ਕਰਵਾਉਣ ਦੀ ਸਹੂਲਤ ਵੀ ਉਪਲੱਬਧ ਰਹੇਗੀ | ਇਸ ਦੌਰਾਨ 20 ਅਤੇ 21 ਅਪ੍ਰੈਲ ਨੂੰ ਨਗਰ ਕੌਂਸਲ ਦਫ਼ਤਰ ਬਸੀ ਪਠਾਣਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿਚ ਸਬੰਧਿਤ ਅਧਿਕਾਰੀਆਂ ਵਲੋਂ ਮੌਕੇ 'ਤੇ ਹੀ ਕਲੇਮ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ | ਉਨ੍ਹਾਂ ਸਾਰੇ ਨਾਗਰਿਕਾਂ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਜਾਂ ਜ਼ਰੂਰੀ ਸੋਧ ਸਮੇਂ ਸਿਰ ਕਰਵਾਉਣ |