ਖਮਾਣੋਂ, 16 ਅਪ੍ਰੈਲ (ਜੋਗਿੰਦਰ ਪਾਲ)-ਪਿੰਡ ਫਰੌਰ ਵਿਖੇ ਸ਼੍ਰੋਮਣੀ ਬਾਲ ਲੇਖਕ ਸਵ. ਮਹਿੰਦਰ ਸਿੰਘ ਮਾਨੂੰਪੁਰੀ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਸੀਨੀਅਰ ਸੈਕੰਡਰੀ ਸਕੂਲ ਫਰੌਰ ਵਿਖੇ ਕਰਵਾਈ ਗਈ | ਗੋਸ਼ਟੀ ਦਾ ਕੇਂਦਰ ਬਿੰਦੂ ਮਾਨੂੰਪੁਰੀ ਦੀ ਅਮਰ ਕਾਵਿ ਰਚਨਾ 'ਜੂਝਦਾ ਪੰਜਾਬ' ਕਿਤਾਬ ਰਹੀ, ਜਿਸ 'ਤੇ ਵੱਖ-ਵੱਖ ਵਿਦਵਾਨਾਂ ਅਤੇ ਲੇਖਕਾਂ ਵਲੋਂ ਡੂੰਘੀ ਤੇ ਦਿਲ ਨੂੰ ਛੂਹਣ ਵਾਲੀ ਚਰਚਾ ਕੀਤੀ ਗਈ | ਪਿ੍ੰਸੀਪਲ ਹਰਵਿੰਦਰ ਸਿੰਘ ਚਹਿਲ, ਕੁਲਵਿੰਦਰ ਸਿੰਘ ਮਾਨੂੰਪੁਰੀ, ਗੁਰਦੀਪ ਸਿੰਘ ਘਰਖਣਾ, ਨਾਵਲਕਾਰ ਜਗਸੀਰ ਸਿੰਘ ਕਲਾਲਾ, ਗੁਰਦੀਪ ਸਿੰਘ ਮੰਡਾਹਰ, ਸੁਖਵਿੰਦਰ ਸਿੰਘ ਫਰੌਰ ਨੇ ਇਸ ਸਬੰਧੀ ਆਪੋ ਆਪਣੇ ਵਿਚਾਰ ਰੱਖੇ | ਸਨੇਹਇੰਦਰ ਮੀਲੂ ਨੇ ਮੰਚ ਸੰਚਾਲਨਾ ਕੀਤੀ | ਗੋਸ਼ਟੀ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਕਵਿਤਾਵਾਂ ਅਤੇ ਵਿਚਾਰਾਂ ਨੇ ਸਮਾਗਮ ਵਿਚ ਨਵੀਂ ਤਾਜ਼ਗੀ ਭਰੀ | ਅੰਤ ਵਿਚ ਆਯੋਜਕਾਂ ਵਲੋਂ ਸਾਰੇ ਮਹਿਮਾਨਾਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਗੋਸ਼ਟੀ ਸਿਰਫ਼ ਇਕ ਸਮਾਗਮ ਨਹੀਂ ਸੀ, ਸਗੋਂ ਸਵ. ਮਹਿੰਦਰ ਸਿੰਘ ਮਾਨੂੰਪੁਰੀ ਨੂੰ ਦਿੱਤੀ ਇਕ ਸੱਚੀ ਸ਼ਰਧਾਂਜਲੀ ਹੋ ਨਿੱਬੜੀ |